ਕਰਨਾਲ, 27 ਸਤੰਬਰ (ਗੁਰਮੀਤ ਸਿੰਘ ਸੱਗੂ)- ਅੱਜ 28 ਸਤੰਬਰ ਨੂੰ ਕਰਨਾਲ ਦੇ ਸਥਾਨਕ ਕਾਲੀਦਾਸ ਸਟੇਡੀਅਮ ਵਿਖੇ ਇਕ ਵਿਸ਼ਾਲ ਸਿੱਖ ਸੰਮੇਲਨ ਹੋਵੇਗਾ | ਇਸ ਸੰਮੇਲਨ 'ਚ ਸੋਨੀਪਤ, ਪਾਣੀਪਤ, ਕਰਨਾਲ, ਕੁਰੂਕਸ਼ੇਤਰ ਤੇ ਅੰਬਾਲਾ ਤੋਂ ਵੱਡੀ ਗਿਣਤੀ 'ਚ ਸਿੱਖ ਹਿੱਸਾ ਲੈਣਗੇ | ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਸੰਗਠਨਾਂ ਦੇ ਪ੍ਰਮੁੱਖ ਸਿੱਖਾਂ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਗਿਆ ਹੈ | ਇਹ ਜਾਣਕਾਰੀ ਸਿੱਖ ਸੰਮੇਲਨ ਦੇ ਪ੍ਰਬੰਧਕ ਅਤੇ ਹਰਿਆਣਾ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਕਰਨਾਲ ਦੇ ਸੰਸਦ ਮੈਂਬਰ ਤੇ ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਵਿਕਾਸ ਮੰਤਰੀ ਮਨੋਹਰ ਲਾਲ ਸੰਮੇਲਨ ਦੇ ਮੁੱਖ ਮਹਿਮਾਨ ਹੋਣਗੇ, ਜਦਕਿ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ, ਕਰਨਾਲ ਦੇ ਵਿਧਾਇਕ ਜਗਮੋਹਨ ਆਨੰਦ, ਇੰਦਰੀ ਦੇ ਵਿਧਾਇਕ ਰਾਮ ਕੁਮਾਰ ਕਸ਼ੱਯਪ, ਨੀਲੋਖੇੜੀ ਦੇ ਵਿਧਾਇਕ ਭਗਵਾਨਦਾਸ ਕਬੀਰਪੰਥੀ, ਅਸੰਧ ਦੇ ਵਿਧਾਇਕ ਯੋਗੇਂਦਰ ਰਾਣਾ, ਕਰਨਾਲ ਦੇ ਮੇਅਰ ਰੇਣੂ ਬਾਲਾ ਗੁਪਤਾ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਲਾਠਰ ਵੀ ਉਚੇਚੇ ਤੌਰ 'ਤੇ ਹਾਜ਼ਰੀ ਭਰਨਗੇ | ਉਨ੍ਹਾਂ ਕਿਹਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ, ਪ੍ਰਚਾਰ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਅਤੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਅਸੰਧ ਵੀ ਇਸ ਸਮਾਗਮ 'ਚ ਸ਼ਮੂਲੀਅਤ ਕਰਨਗੇ | ਇਸ ਸਮਾਗਮ 'ਚ ਬੀਬੀ ਸੁਰਜੀਤ ਕੌਰ ਗੁਰੂ ਦਾ ਪ੍ਰਸਿੱਧ ਰਾਗੀ ਜਥਾ ਪ੍ਰਮਾਤਮਾ ਦੀ ਮਹਿਮਾ ਦਾ ਗੁਣਗਾਨ ਕਰੇਗਾ | ਸੰਮੇਲਨ ਉਪਰੰਤ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਸੰਮੇਲਨ 'ਚ ਸਿੱਖ ਭਾਈਚਾਰੇ ਨੂੰ ਦਰਪੇਸ਼ ਚੁਣੌਤੀਆਂ, ਸਮੱਸਿਆਵਾਂ ਤੇ ਲੰਬਿਤ ਮੰਗਾਂ ਸੰਬੰਧੀ ਕੇਂਦਰੀ ਮੰਤਰੀ ਮਨੋਹਰ ਲਾਲ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਜਾਵੇਗਾ | ਉਨ੍ਹਾਂ ਕਿਹਾ ਕਿ ਸੰਮੇਲਨ 'ਚ ਪੰਜਾਬ 'ਚ ਆਏ ਹੜ੍ਹਾਂ ਦੌਰਾਨ ਹਰਿਆਣਾ ਦੇ ਲੋਕਾਂ ਵਲੋਂ ਦਿੱਤੀ ਗਈ ਵਿਸ਼ੇਸ਼ ਸਹਾਇਤਾ ਲਈ ਧੰਨਵਾਦ ਪ੍ਰਗਟ ਕੀਤਾ ਜਾਵੇਗਾ | ਹਰਿਆਣਾ ਸਰਕਾਰ ਨੇ ਜੋ 1984 ਦੇ ਦੰਗਿਆਂ ਦੇ ਪੀੜਤਾਂ ਲਈ ਨੌਕਰੀਆਂ ਦਾ ਐਲਾਨ ਕੀਤਾ ਹੈ, ਉਸ ਲਈ ਸਿੱਖ ਭਾਈਚਾਰੇ ਵਲੋਂ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਸਿੱਖ ਸੰਮੇਲਨ ਇਤਿਹਾਸਕ ਹੋਵੇਗਾ | ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ ਸੰਮੇਲਨ 'ਚ ਭਾਗ ਲੈਣ | ਇਸ ਮੌਕੇ ਅਸ਼ੋਕ ਖੁਰਾਣਾ, ਐਸ. ਪੀ. ਚੌਹਾਨ, ਕੌਂਸਲਰ ਹਰਜੀਤ ਲਾਡੀ, ਪ੍ਰਭਜੋਤ ਸਿੰਘ ਸਿੱਧੂ, ਕਰਮਪਾਲ ਸਿੰਘ, ਗੁਰਲਾਲ ਸਿੰਘ, ਇੰਦਰਜੀਤ ਸਿੰਘ ਟੀਟੂ, ਗੁਰਜੀਤ ਸਿੰਘ ਭਿੰਡਰ, ਅਰਵਿੰਦ ਨੀਤੂ ਮਾਨ, ਰਜਿੰਦਰ ਕੁਮਾਰ, ਅਮਿਤ ਅਹੂਜਾ, ਗਗਨ ਮਹਿਤਾ, ਸਤਨਾਮ ਸਿੰਘ ਜੋਸ਼ੀ, ਮਨਿੰਦਰ ਸਿੰਘ ਰਣਬੀਰ ਸਿੰਘ, ਰਣਬੀਰ ਸਿੰਘ ਤੇ ਰਣਬੀਰ ਸਿੰਘ ਆਦਿ ਵੀ ਹਾਜ਼ਰ ਸਨ |