ਨਵੀਂ ਦਿੱਲੀ, 4 ਨਵੰਬਰ (ਮਿਸਰਦੀਪ ਭਾਟੀਆ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸੀਸ ਗੰਜ ਤੋਂ ਗੁਰਦੁਆਰਾ ਨਾਨਕ ਪਿਆਓ ਤੱਕ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸਕੂਲੀ ਬੱਚੇ, ਬੈਂਡ-ਵਾਜੇ ਅਤੇ ਸੰਗਤ ਮੌਜੂਦ ਸੀ | ਸਵੇਰੇ ਗੁਰਦੁਆਰਾ ਸੀਸ ਗੰਜ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਫ਼ਤਿਹਪੁਰੀ, ਖਾਰੀ ਬਾਉਲੀ, ਨਵਾਂ ਬਾਜ਼ਾਰ, ਪੀਲੀ ਕੋਠੀ, ਪੁੱਲ ਮਿਠਾਈ, ਆਜ਼ਾਦ ਮਾਰਕੀਟ ਚੌਕ, ਰੋਸ਼ਨਆਰਾ ਰੋਡ, ਘੰਟਾਘਰ ਚੌਕ, ਸ਼ਕਤੀ ਨਗਰ ਚੌਕ ਤੋਂ ਹੁੰਦੇ ਹੋਏ ਗੁਰਦੁਆਰਾ ਨਾਨਕ ਪਿਆਓ ਸਾਹਿਬ ਪਹੁੰਚਿਆ, ਜਿੱਥੇ ਸੰਗਤਾਂ ਨੇ ਨਗਰ ਕੀਰਤਨ ਦੇ ਸਵਾਗਤ ਲਈ ਵੱਖ-ਵੱਖ ਥਾਵਾਂ 'ਤੇ ਪੰਡਾਲ ਲਗਾਏ ਅਤੇ ਪ੍ਰਸ਼ਾਦ ਵੰਡਿਆ | ਇਸ ਮੌਕੇ ਨੈਸ਼ਨਲ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਨਗਰ ਕੀਰਤਨ ਅਤੇ ਪੰਜ ਪਿਆਰਿਆਂ ਦਾ ਸਵਾਗਤ ਕੀਤਾ | ਉਨ੍ਹਾਂ ਨੇ ਸਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿਖਾਏ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ | ਪੰਮਾ ਨੇ ਇਹ ਵੀ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 5 ਨਵੰਬਰ ਨੂੰ ਸਦਰ ਬਾਜ਼ਾਰ ਵਿਖੇ ਪ੍ਰਸ਼ਾਦ ਵੰਡਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿਚ ਸਾਰੇ ਸਮਾਜਿਕ, ਰਾਜਨੀਤਕ ਅਤੇ ਵਪਾਰੀ ਲੋਕ ਸ਼ਾਮਿਲ ਹੋਣਗੇ |