ਯਮੁਨਾਨਗਰ, 21 ਨਵੰਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਡੀ. ਏ. ਵੀ. ਕਾਲਜ ਫਾਰ ਗਰਲਜ਼ ਦੇ ਯੋਗਾ ਵਿਭਾਗ ਵਲੋਂ ਆਯੂਸ਼ ਵਿਭਾਗ ਦੇ ਸਹਿਯੋਗ ਨਾਲ 18 ਤੋਂ 21 ਨਵੰਬਰ ਤੱਕ ਨੈਚਰੋਪੈਥੀ ਹਫ਼ਤਾ ਮਨਾਇਆ ਗਿਆ | ਇਸ ਹਫ਼ਤੇ ਦੌਰਾਨ ਵਿਦਿਆਰਥੀਆਂ ਨੂੰ ਨੈਚਰੋਪੈਥੀ ਅਤੇ ਆਯੁਰਵੈਦਿਕ ਡਾਕਟਰੀ ਅਭਿਆਸਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ | ਇਸ ਹਫ਼ਤੇ ਦੇ ਪਹਿਲੇ ਦਿਨ ਆਯੁਰਵੇਦ ਅਫਸਰ ਡਾ. ਪ੍ਰਤਿਭਾ ਨੇ ਵਿਦਿਆਰਥਣਾਂ ਨੂੰ ਕੁਦਰਤੀ ਇਲਾਜ ਦੇ ਫਾਇਦਿਆਂ, ਸੰਤੁਲਿਤ ਰੋਜ਼ਾਨਾ ਰੁਟੀਨ ਅਤੇ ਆਯੁਰਵੇਦਿਕ ਜੀਵਨ ਸ਼ੈਲੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੁੰਦੀਆਂ ਸਿਟੀ ਮੈਜਿਸਟ੍ਰੇਟ ਪੀਯੂਸ਼ ਗੁਪਤਾ ਨੇ ਕਿਹਾ ਕਿ ਕੁਦਰਤ-ਅਨੁਕੂਲ ਜੀਵਨ ਸ਼ੈਲੀ ਅਪਣਾਉਣਾ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਸਿਹਤਮੰਦ ਸਰੀਰ ਨੂੰ ਬਣਾਈ ਰੱਖਣ ਲਈ ਸ਼ੁੱਧ ਪਾਣੀ, ਪੌਸ਼ਟਿਕ ਖੁਰਾਕ ਅਤੇ ਕੁਦਰਤੀ ਤਰੀਕਿਆਂ ਦੀ ਪਾਲਣਾ ਜ਼ਰੂਰੀ ਹੈ | ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਖਣਿਜਾਂ ਨਾਲ ਭਰਪੂਰ ਪਾਣੀ ਪੀਣਾ ਸਿਹਤ ਲਈ ਲਾਭਦਾਇਕ ਹੈ | ਉਨ੍ਹਾਂ ਪਾਣੀ ਦੀ ਸੰਭਾਲ, ਪਾਣੀ ਦੀ ਸ਼ੁੱਧਤਾ ਅਤੇ ਕੁਦਰਤੀ ਸਰੋਤਾਂ ਦੀ ਜ਼ਿੰਮੇਵਾਰ ਵਰਤੋਂ 'ਤੇ ਵੀ ਜ਼ੋਰ ਦਿੱਤਾ | ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਸਰਲ, ਸਪਸ਼ੱਟ ਅਤੇ ਸੰਖੇਪ ਵਿਚ ਜਵਾਬ ਵੀ ਦਿੱਤੇ | ਇਸ ਮੌਕੇ ਆਯੂਸ਼ ਵਿਭਾਗ ਦੇ ਮਾਹਿਰ ਡਾ. ਸ਼ਿਵ ਕੁਮਾਰ ਸੈਣੀ ਨੇ ਮੁੱਖ ਬੁਲਾਰੇ ਵਜੋਂ ਸੇਵਾ ਨਿਭਾਉਂਦਿਆਂ ਕੁਦਰਤੀ ਖੁਰਾਕ, ਯੋਗ ਵਿਧੀਆਂ, ਹਾਈਡ੍ਰੋਥੈਰੇਪੀ, ਮਿੱਟੀ ਥੈਰੇਪੀ, ਦੋਸ਼ ਸਿਧਾਂਤ, ਇਮਿਊਨਿਟੀ ਅਤੇ ਸਿਹਤਮੰਦ ਜੀਵਨ ਸ਼ੈਲੀ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਦੇ ਵੱਖ-ਵੱਖ ਸਵਾਲਾਂ ਦੇ ਜਵਾਬ ਸਰਲ ਭਾਸ਼ਾ ਵਿਚ ਵੀ ਦਿੱਤੇ | ਇਸ ਮੌਕੇ ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ. ਸੁਰਿੰਦਰ ਕੌਰ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਲਾਭਦਾਇਕ ਹਨ | ਪ੍ਰੋਗਰਾਮ ਕੋਆਰਡੀਨੇਟਰ ਡਾ. ਰੰਜਨਾ ਕੰਬੋਜ ਨੇ ਕਿਹਾ ਕਿ ਨੈਚਰੋਪੈਥੀ ਹਫ਼ਤੇ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਕੁਦਰਤੀ ਅਤੇ ਵਿਕਲਪਕ ਡਾਕਟਰੀ ਤਰੀਕਿਆਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਉਹ ਇਕ ਸਿਹਤਮੰਦ ਅਤੇ ਸੰਤੁਲਿਤ ਜੀਵਨ ਸ਼ੈਲੀ ਵੱਲ ਵਧ ਸਕਣ | ਇਸ ਮੌਕੇ ਪ੍ਰੋਜੈਕਟ ਮੈਨੇਜਰ ਡਾ. ਤਾਰਿਤਾ, ਯੋਗ ਵਿਭਾਗ ਦੇ ਸਹਾਇਕ ਬੁਲਾਰੇ ਸਮਿ੍ਤੀ ਸ਼ਰਮਾ, ਨੈਨਾ, ਦਿਵਿਆ ਅਤੇ ਗੁਰਮੀਤ ਵੀ ਹਾਜ਼ਰ ਸਨ |