ਯਮੁਨਾਨਗਰ, 20 ਦਸੰਬਰ (ਗੁਰਦਿਆਲ ਸਿੰਘ ਨਿਮਰ)-ਬੇਘਰ ਅਤੇ ਲੋੜਵੰਦ ਲੋਕਾਂ ਨੂੰ ਸਖਤ ਸਰਦੀ ਤੋਂ ਬਚਾਉਣ ਲਈ ਸਥਾਨਕ ਨਗਰ ਨਿਗਮ ਨੇ ਸ਼ਹਿਰ 'ਚ ਚਾਰ ਰੈਣ-ਬਸੇਰੇ ਤਿਆਰ ਕੀਤੇ ਹਨ | ਨਿਗਮ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਦੇ ਨਿਰਦੇਸ਼ਾਂ 'ਤੇ ਨਿਗਮ ਨੇ ਇਨ੍ਹਾਂ ਰੈਣ-ਬਸੇਰਿਆਂ 'ਚ ਗਰਮ ਕੰਬਲ, ਗੱਦੇ, ਪੀਣ ਵਾਲੇ ਪਾਣੀ, ਪਖਾਨੇ ਅਤੇ ਹੋਰ ਸੁਵਿਧਾਵਾਂ ਦਾ ਪ੍ਰਬੰਧ ਕੀਤਾ ਹੈ | ਇਹ ਨਾਈਟ ਸ਼ੈਲਟਰ ਸ਼ਾਮ ਦੇ 6 ਵਜੇ ਤੋਂ ਖੁੱਲ੍ਹ ਜਾਂਦੇ ਹਨ ਅਤੇ 1 ਨਵੰਬਰ ਤੋਂ ਖੋਲ੍ਹੇ ਗਏ ਇਨ੍ਹਾਂ ਨਾਈਟ ਸ਼ੈਲਟਰਾਂ 'ਚ ਹੁਣ ਤੱਕ 517 ਲੋਕਾਂ ਨੂੰ ਅਸਾਰਾ ਮਿਲ ਚੁੱਕਾ ਹੈ | ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਨਿਗਮ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਅਤੇ ਵਧੀਕ ਕਮਿਸ਼ਨਰ ਧੀਰਜ ਕੁਮਾਰ ਵਲੋਂ ਰੈਣ ਬਸੇਰਿਆਂ ਦਾ ਨਿਰੀਖਣ ਕਰਕੇ ਪ੍ਰਬੰਧਾਂ ਦੀ ਜਾਂਚ ਕੀਤੀ ਗਈ ਸੀ | ਇਸ ਮੌਕੇ ਉਨ੍ਹਾਂ ਨੇ ਉਥੇ ਰਹਿ ਰਹੇ ਲੋਕਾਂ ਨਾਲ ਗੱਲਬਾਤ ਕਰਕੇ ਫੀਡਬੈਕ ਵੀ ਹਾਸਿਲ ਕੀਤੀ ਸੀ | ਇਸ ਮੌਕੇ ਉਨ੍ਹਾਂ ਗਰਮ ਕੰਬਲ, ਬਿਸਤਰੇ, ਲਾਈਟਾਂ, ਪੀਣ ਵਾਲੇ ਪਾਣੀ ਆਦਿ ਦੀ ਉਪਲੱਬਧਤਾ ਆਦਿ ਦੀ ਵੀ ਜਾਂਚ ਕੀਤੀ ਸੀ | ਇਸ ਨਿਰੀਖਣ ਮੌਕੇ ਉਕਤ ਅਧਿਕਾਰੀਆਂ ਨੇ ਸਟਾਫ਼ ਨੂੰ ਰੈਣ-ਬਸੇਰਿਆਂ ਵਿਖੇ ਆਉਣ ਵਾਲੇ ਲੋਕਾਂ ਨੂੰ ਆਰਾਮਦਾਇਕ ਰਿਹਾਇਸ਼ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਸਨ | ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਇਥੇ ਆਉਣ ਵਾਲੇ ਹਰ ਯਾਤਰੀ ਦੀ ਐਂਟਰੀ ਰਜਿਸਟਰ 'ਚ ਦਰਜ ਕੀਤੀ ਜਾਵੇ ਅਤੇ ਰੈਣ-ਬਸੇਰਿਆਂ ਦੀ ਰੋਜ਼ਾਨਾ ਸਫ਼ਾਈ ਕਰਵਾਈ ਜਾਵੇ | ਬੀਤੇ ਦਿਨੀਂ ਸਿਖਲਾਈ ਪ੍ਰਾਪਤ ਆਈ. ਏ. ਐਸ. ਅਧਿਕਾਰੀ ਸੁਮਨ ਅਤੇ ਡਿਪਟੀ ਨਿਗਮ ਕਮਿਸ਼ਨਰ ਕੁਲਦੀਪ ਮਲਿਕ ਨੇ ਵੀ ਰੈਣ-ਬਸੇਰਿਆਂ ਦਾ ਨਿਰੀਖਣ ਕੀਤਾ ਸੀ | ਇਸ ਬਾਬਤ ਹੋਰ ਗੱਲਬਾਤ ਕਰਦਿਆਂ ਨਗਰ ਨਿਗਮ ਦੇ ਟੀ. ਐਫ. ਆਈ. ਗੋਪਾਲ ਬਖਸ਼ੀ ਨੇ ਦੱਸਿਆ ਕਿ 1 ਨਵੰਬਰ ਤੋਂ 19 ਦਸੰਬਰ ਤੱਕ ਨਗਰ ਨਿਗਮ ਵਲੋਂ ਤਿਆਰ ਕਰਵਾਏ ਗਏ ਚਾਰੋਂ ਨਾਈਟ ਸ਼ੈਲਟਰਾਂ 'ਚ 517 ਲੋਕ ਆਸਰਾ ਲੈ ਚੁੱਕੇ ਹਨ, ਜਿਨ੍ਹਾਂ 'ਚੋਂ 146 ਲੋਕਾਂ ਨੇ ਰੇਲਵੇ ਸਟੇਸ਼ਨ ਦੇ ਨੇੜੇ ਬਣੇ ਅਸਥਾਈ ਨਾਈਟ ਸ਼ੈਲਟਰ 'ਚ ਆਸਰਾ ਲਿਆ, ਜਦਕਿ 143 ਲੋਕਾਂ ਨੇ ਸੰਤ ਨਿਰੰਕਾਰੀ ਭਵਨ ਦੇ ਸਾਹਮਣੇ ਜਨਤਕ ਖਪਾਨਿਆਂ 'ਤੇ ਬਣੇ ਸਥਾਈ ਨਾਈਟ ਸ਼ੈਲਟਰ 'ਚ, 141 ਲੋਕਾਂ ਨੇ ਯਮੁਨਾਨਗਰ ਬੱਸ ਸਟੈਂਡ ਦੇ ਨੇੜੇ ਜਗਾਧਰੀ ਵਰਕਸ਼ਾਪ ਰੋਡ 'ਤੇ ਬਣੇ ਅਸਥਾਈ ਨਾਈਟ ਸ਼ੈਲਟਰ 'ਚ ਅਤੇ 83 ਲੋਕਾਂ ਨੇ ਜਗਾਧਰੀ ਬੱਸ ਸਟੈਂਡ 'ਚ ਬਣੇ ਸਥਾਈ ਨਾਈਟ ਸ਼ੈਲਟਰ 'ਚ ਆਸਰਾ ਲਿਆ ਹੈ | ਉਨ੍ਹਾਂ ਦੱਸਿਆ ਕਿ ਨਾਈਟ ਸ਼ੈਲਟਰਾਂ 'ਚ ਆਉਣ ਵਾਲੇ ਲੋਕਾਂ ਦਾ ਨਾਂਅ ਰਜਿਸਟਰ 'ਚ ਦਰਜ ਕੀਤਾ ਜਾਂਦਾ ਹੈ |