• ਮੁਲਜ਼ਮ ਥਾਣਾ ਬਰੀਵਾਲਾ ਦੇ ਖੋਖਰ ਪਿੰਡ ਨਾਲ ਸੰਬੰਧਿਤ
ਡੱਬਵਾਲੀ, 21 ਦਸੰਬਰ (ਇਕਬਾਲ ਸਿੰਘ ਸ਼ਾਂਤ)-ਸੀਆਈਏ ਡੱਬਵਾਲੀ ਨੇ ਖੁਈਆਂ ਮਲਕਾਣਾ ਟੋਲ ਪਲਾਜਾ 'ਤੇ ਇੱਕ ਅਰਟਿਗਾ ਕਾਰ ਚੋਂ ਪਾਬੰਦੀਸ਼ੁਦਾ 2.95 ਲੱਖ ਮੈਲੀਕਲ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਦੀ ਅਨੁਮਾਨਤ ਬਾਜ਼ਾਰੀ ਕੀਮਤ ਕਰੀਬ 11 ਕਰੋੜ ਰੁਪਏ ਦੱਸੀ ਗਈ ਹੈ | ਮੁਲਜਮ ਦੀ ਪਛਾਣ ਕੁਲਦੀਪ ਉਰਫ਼ ਕਾਲਾ ਨਿਵਾਸੀ ਖੋਖਰ ਥਾਣਾ ਬਰੀਵਾਲਾ (ਸ੍ਰੀ ਮੁਕਤਸਰ ਸਾਹਿਬ) ਵਜੋਂ ਹੋਈ ਹੈ | ਸੀਆਈਏ ਡੱਬਵਾਲੀ ਦੇ ਮੁਖੀ ਰਾਜਪਾਲ ਨੇ ਦੱਸਿਆ ਕਿ ਇੱਕ ਮੁਖਬਰੀ ਦੇ ਆਧਾਰ 'ਤੇ ਨਾਕਾਬੰਦੀ ਕੀਤੀ ਗਈ ਸੀ | ਸਿਰਸਾ ਵੱਲੋਂ ਆਉਂਦੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਕਾਰ ਬੰਦ ਹੋ ਗਈ |
ਮੌਕੇ 'ਤੇ ਮੁਲਜਮ ਨੂੰ ਕਾਬੂ ਕਰਕੇ ਡੀਐੱਸਪੀ (ਐਚ) ਕਪਿਲ ਅਹਿਲਾਵਤ ਦੀ ਮੌਜੂਦਗੀ ਵਿੱਚ ਕਾਰ ਦੀ ਤਲਾਸ਼ੀ ਲਈ ਗਈ | ਜਿਸ ਵਿੱਚ ਕਾਰ ਦੀ ਡਿੱਗੀ ਵਿੱਚੋਂ 6 ਕਾਰਟੂਨਾਂ ਵਿੱਚ 100 ਡੱਬਿਆਂ ਵਿੱਚ ਰੱਖੀਆਂ 2.95 ਲੱਖ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਕਾਰ ਅਤੇ ਮੈਡੀਕਲ ਨਸ਼ਾ ਕਬਜੇ ਵਿੱਚ ਲੈ ਕੇ ਥਾਣਾ ਸਦਰ ਵਿੱਚ ਐਨਡੀਪੀਐੱਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ |
ਕਰੋੜਾਂ ਦੀਆਂ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਸਣੇ ਕਾਰ ਸਵਾਰ ਕਾਬੂ
ਅਜੀਤ ਡੈਸਕ
22-12-2025