ਸਿਰਸਾ, 21 ਦਸੰਬਰ (ਭੁਪਿੰਦਰ ਪੰਨੀਵਾਲੀਆ)- ਪੁਲਿਸ ਤੇ ਡਰੱਗ ਇੰਸਪੈਕਟਰ ਦੀ ਅਗਵਾਈ 'ਚ ਕੀਤੀ ਗਈ ਕਾਰਵਾਈ ਦੌਰਾਨ ਇਕ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ | ਡਰੱਗਜ਼ ਇੰਸਪੈਕਟਰ ਕੇਸ਼ਵ ਵਸ਼ਿਸ਼ਟ ਅਤੇ ਐਂਟੀ-ਨਾਰਕੋਟਿਕਸ ਸੈੱਲ ਟੀਮ ਦੇ ਇੰਚਾਰਜ ਸਬ-ਇੰਸਪੈਕਟਰ ਰਾਜਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਟੀਮ ਕੀਰਤੀ ਨਗਰ ਬੇਗੂ ਰੋਡ ਇਲਾਕੇ ਵਿੱਚ ਮੌਜੂਦ ਸੀ | ਇਸ ਦੌਰਾਨ ਮੋਟਰਸਾਈਕਲ 'ਤੇ ਆਉਂਦੇ ਦੋ ਨੌਜਵਾਨ ਪੁਲੀਸ ਦੀ ਗੱਡੀ ਵੇਖ ਕੇ ਵਾਪਿਸ ਮੁੜਣ ਦੀ ਕੋਸ਼ਿਸ਼ ਕਰਨ ਲਗੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ | ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਨਸ਼ੀਲੀਆਂ ਗੋਲੀਆਂ ਮਿਲੀਆਂ, ਜਿਨ੍ਹਾਂ ਦੀ ਗਿਣਤੀ 260 ਬਣੀ | ਮੁਲਜ਼ਮਾਂ ਦੀ ਪਛਾਣ ਰਿਤਿਕ ਪੁੱਤਰ ਰਵੀ, ਵਾਸੀ ਬੇਗੂ ਰੋਡ ਅਤੇ ਆਸ਼ੂ ਪੁੱਤਰ ਰਮੇਸ਼ ਕੁਮਾਰ, ਵਾਸੀ ਪਟੇਲ ਬਸਤੀ ਵਜੋਂ ਹੋਈ ਹੈ | ਨਾਰਕੋਟਿਕਸ ਸੈੱਲ ਇੰਚਾਰਜ, ਸਿਰਸਾ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਅਗਲੀ ਕਾਰਵਾਈ ਲਈ ਡਰੱਗ ਇੰਸਪੈਕਟਰ ਕੇਸ਼ਵ ਵਸ਼ਿਸ਼ਟ ਨੂੰ ਸੌਂਪ ਦਿੱਤਾ ਗਿਆ ਹੈ |