ਸ੍ਰੀ ਚਮਕੌਰ ਸਾਹਿਬ, 23 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਦਾ ਤਿੰਨ ਦਿਨਾਂ ਸ਼ਹੀਦੀ ਜੋੜ ਮੇਲ ਅਮਨ ਅਮਾਨ ਨਾਲ ਸਮਾਪਤ ਹੋ ਗਿਆ | ਇਸ ਵਾਰ ਵੱਡੀ ਗਿਣਤੀ 'ਚ ਸੰਗਤ ਦਰਸ਼ਨਾਂ ਲਈ ਆਈ | ਜ਼ਿਲ੍ਹਾ ਪ੍ਰਸ਼ਾਸਨ ਤੇ ਸ਼੍ਰੋਮਣੀ ਕਮੇਟੀ ਵਲੋਂ ਕੀਤੇ ਵੱਡੇ ਪ੍ਰਬੰਧ ਬੋਣੇ ਜਾਪ ਰਹੇ ਸਨ | ਇਥੇ ਇਹ ਵੀ ਨੋਟ ਕੀਤਾ ਗਿਆ ਕਿ ਗੁਰੂ ਘਰਾਂ ਵਿਚ ਨਤਮਸਤਕ ਹੋਣ ਵਾਲੀਆਂ ਸੰਗਤਾਂ ਦੀ ਤੜਕੇ ਤੋਂ ਹੀ ਲੰਬੀਆਂ ਕਤਾਰਾਂ ਲੱਗ ਰਹੀਆਂ ਸਨ, ਪਰ ਇਥੇ ਹੋਈਆਂ ਸਿਆਸੀ ਕਾਨਫ਼ਰੰਸਾਂ 'ਚ ਸਰੋਤੇ ਬਹੁਤ ਘੱਟ ਸਨ | ਸਿਹਤ ਵਿਭਾਗ ਵਲੋਂ ਇਥੇ 10-12 ਚੱਲ ਰਹੇ ਖ਼ੂਨਦਾਨ ਕੈਂਪਾਂ ਦੀ ਸ਼ਿਕਾਇਤ ਮਿਲਣ 'ਤੇ ਚੈਕਿੰਗ ਕੀਤੀ, ਜਿਨ੍ਹਾਂ 'ਚੋਂ 5 ਕੈਂਪ ਬਿਨਾਂ ਇਜਾਜ਼ਤ ਤੋਂ ਚੱਲਦੇ ਬੰਦ ਕਰਵਾਏ ਗਏ | ਇਥੇ ਗੈਰ ਮਿਆਰੀ ਖਾਣ ਪੀਣ ਦੀਆਂ ਵਸਤਾਂ ਵੀ ਫੂਡ ਸੇਫਟੀ ਵਿਭਾਗ ਦੀ ਗੈਰ ਹਾਜ਼ਰੀ ਕਾਰਨ ਰੱਜ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾਲ ਕਰਦੀਆਂ ਵੇਖੀਆਂ ਗਈਆਂ | ਇਥੇ 30 ਦੇ ਕਰੀਬ ਲੰਗਰ ਦਿਨ ਰਾਤ ਅਤੁੱਟ ਵਰਤਾਏ ਗਏ | ਸ਼੍ਰੋਮਣੀ ਕਮੇਟੀ ਦੇ ਵੱਡੀ ਗਿਣਤੀ 'ਚ ਆਏ ਸੇਵਾਦਾਰਾਂ ਅਤੇ ਵੱਡੀ ਗਿਣਤੀ ਵਿਚ ਤਾਇਨਾਤ ਪੁਲਿਸ ਦੇ ਬਾਵਜੂਦ ਵੱਡੀ ਗਿਣਤੀ ਵਿਚ ਲੋਕਾਂ ਦੀਆਂ ਜੇਬਾਂ ਸਾਫ ਹੋਈਆਂ ਹਨ ਤੇ ਗਹਿਣੇ ਲਾਹੇ ਗਏ | ਇਸ ਵਾਰ ਡੀਵਾਈਡਰ 'ਤੇ ਵੀ ਦੁਕਾਨਾਂ ਲੱਗੀਆਂ, ਜਿਸ ਕਾਰਨ ਸੰਗਤਾਂ ਦੇ ਲੰਘਣ ਲਈ ਜਗਾਂ ਵੀ ਘੱਟ ਗਈ | ਇਨ੍ਹਾਂ ਦੁਕਾਨਾਂ ਤੋ ਲੋਕਾਂ ਕਾਫੀ ਖਰੀਦਦਾਰੀ ਵੀ ਕੀਤੀ |