ਨਵੀਂ ਦਿੱਲੀ, 23 ਦਸੰਬਰ (ਮਿਸਰਦੀਪ ਭਾਟੀਆ)-ਪ੍ਰੇਮ ਨਗਰ ਇਲਾਕੇ ਵਿਚ ਗਾਲੀ ਦੇਣ 'ਤੇ ਹੋਏ ਝਗੜੇ ਦੇ ਬਾਅਦ ਦੋਸਤ ਨੇ ਹੱਤਿਆ ਕਰ ਦਿੱਤੀ ਸੀ | ਪੁਲਿਸ ਨੇ ਜਾਂਚ ਤੋਂ ਬਾਅਦ ਭਗੌੜੇ ਦੋਸ਼ੀ ਨੂੰ ਬਕਸਰ ਰੇਲਵੇ ਸਟੇਸ਼ਨ ਤੋਂ ਗਿ੍ਫ਼ਤਾਰ ਕਰ ਲਿਆ ਹੈ | ਉਸਦੀ ਪਛਾਣ ਮੁਨਸ਼ੀ ਰਾਏ ਵਜੋਂ ਹੋਈ ਹੈ | ਰੋਹਿਣੀ ਜ਼ਿਲ੍ਹਾ ਪੁਲਿਸ ਕਮਿਸ਼ਨਰ ਰਾਜੀਵ ਰੰਜਨ ਨੇ ਦੱਸਿਆ ਕਿ 19 ਦਸੰਬਰ ਨੂੰ ਪ੍ਰੇਮ ਨਗਰ ਪੁਲਿਸ ਸਟੇਸ਼ਨ ਨੂੰ ਇਕ ਬਿਲਡਿੰਗ ਮਟੀਰੀਅਲ ਗੋਦਾਮ ਵਿਚ ਇਕ ਡਰਾਈਵਰ ਦੇ ਬੇਹੋਸ਼ ਪਏ ਹੋਣ ਦੀ ਜਾਣਕਾਰੀ ਮਿਲੀ ਸੀ | ਮੌਕੇ 'ਤੇ ਪਹੁੰਚੀ ਪੁਲਿਸ ਨੂੰ ਪਤਾ ਲੱਗਾ ਕਿ ਉਸਦੀ ਮੌਤ ਹੋ ਚੁੱਕੀ ਹੈ | ਉਸਦੀ ਪਛਾਣ ਬਾਂਕਾ, ਬਿਹਾਰ ਨਿਵਾਸੀ ਮੁਕੇਸ਼ ਵਜੋਂ ਹੋਈ | ਉਹ ਗੋਦਾਮ ਮਾਲਕ ਦੀ ਗੱਡੀ ਚਲਾਉਂਦਾ ਸੀ ਅਤੇ ਆਪਣੇ ਦੋ ਸਾਥੀਆਂ ਮੁਨਸ਼ੀ ਰਾਏ ਅਤੇ ਵਿਸ਼ੂ ਰਾਏ ਦੇ ਨਾਲ ਰਹਿੰਦਾ ਸੀ | ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ | ਜਾਂਚ ਤੋਂ ਪਤਾ ਲੱਗਾ ਹੈ ਕਿ ਮੁਨਸ਼ੀ ਰਾਏ ਅਤੇ ਵਿਸ਼ੂ ਰਾਏ ਬਿਹਾਰ ਭੱਜ ਗਏ ਹਨ | ਥਾਣੇ ਦੇ ਸਬ-ਇੰਸਪੈਕਟਰ ਕੁਲਦੀਪ ਨੂੰ ਇਕ ਮਾਮਲੇ ਦੀ ਜਾਂਚ ਵਿਚ ਮੋਤੀਹਾਰੀ ਵਿਚ ਤਾਇਨਾਤ ਕੀਤਾ ਗਿਆ ਸੀ | ਉਸ ਨੂੰ ਤੁਰੰਤ ਪੰਡਿਤ ਦੀਨ ਦਿਆਲ ਉਪਾਧਿਆਏ (ਮੁਗਲ ਸਰਾਏ) ਜੰਕਸ਼ਨ ਜਾਣ ਦਾ ਨਿਰਦੇਸ਼ ਦਿੱਤਾ ਗਿਆ | ਜੰਕਸ਼ਨ 'ਤੇ ਟੀਮ ਨੇ ਆਰ.ਪੀ.ਐਫ. ਦੇ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਅਤੇ ਗਰੀਬ ਰੱਥ ਐਕਸਪੈ੍ਰਸ ਅਤੇ ਮਹਾਂਬੋਧੀ ਐਕਸਪ੍ਰੈਸ ਦੇ ਹਰੇਕ ਡਿੱਬੇ ਦੀ ਤਲਾਸ਼ੀ ਲਈ | ਟ੍ਰੇਨ ਅੰਦਰ ਘੰਟਿਆਂ ਦੀ ਤਲਾਸ਼ੀ ਤੋਂ ਬਾਅਦ ਦੋਵਾਂ ਵਿਅਕਤੀਆਂ ਦੀ ਪਛਾਣ ਕਰਕੇ ਟ੍ਰੇਨ ਦੇ ਅੰਦਰ ਉਨ੍ਹਾਂ ਨੂੰ ਫੜ ਲਿਆ | ਉਨ੍ਹਾਂ ਨੂੰ ਬਕਸਰ ਜੰਕਸ਼ਨ 'ਤੇ ਸੁਰੱਖਿਅਤ ਢੰਗ ਨਾਲ ਉਤਾਰਿਆ ਗਿਆ ਅਤੇ ਦਿੱਲੀ ਦੇ ਪ੍ਰੇਮ ਨਗਰ ਥਾਣੇ ਲਿਆਂਦਾ ਗਿਆ | ਪੁੱਛਗਿੱਛ ਅਤੇ ਸਬੂਤਾਂ ਦੇ ਆਧਾਰ 'ਤੇ ਦੋਸ਼ੀ ਮੁਨਸ਼ੀ ਰਾਏ ਨੇ ਹੱਤਿਆ ਦੀ ਗੱਲ ਕਬੂਲ ਕਰ ਲਈ | ਉਸ ਨੇ ਦੱਸਿਆ ਕਿ 18 ਦਸੰਬਰ ਦੀ ਰਾਤ ਉਹ ਅਤੇ ਮੁਕੇਸ਼ ਸ਼ਰਾਬ ਪੀ ਰਹੇ ਸਨ | ਉਨ੍ਹਾਂ ਵਿਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਜਿਸਦੇ ਜਵਾਬ ਵਿਚ ਦੋਸ਼ੀ ਮੁਨਸ਼ੀ ਰਾਮ ਨੇ ਮੁਕੇਸ਼ ਦੇ ਸਿਰ 'ਤੇ ਇੱਟ ਮਾਰ ਦਿੱਤੀ | ਵਿਸ਼ੂ ਰਾਮ ਨੇ ਇਸ ਦੌਰਾਨ ਦੋਵਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਸੀ |