ਜਾਇਦਾਦਾਂ ਦੇ ਮਾਮਲੇ 'ਚ ਵਿਜੀਲੈਂਸ ਨੂੰ ਮਿਲ ਸਕਦੀ ਹੈ ਹੋਰ ਅਹਿਮ ਜਾਣਕਾਰੀ
ਅਜੀਤ ਡੈਸਕ
01-06-2025
ਮਹਿਲਾ ਬਿਲਡਿੰਗ ਇੰਸਪੈਕਟਰ ਨੂੰ ਅੱਜ ਅਦਾਲਤ 'ਚ ਪੇਸ਼ ਕਰੇਗੀ ਵਿਜੀਲੈਂਸ
ਜਲੰਧਰ-ਰਮਨ ਅਰੋੜਾ ਮਾਮਲੇ 'ਚ ਇਕ ਬੇਕਰੀ ਵਾਲੇ ਵਲੋਂ ਰੁਪਏ ਦੇਣ ਦਾ ਬਿਆਨ ਦਰਜ ਕਰਵਾਉਣ ਦੇ ਦੋਸ਼ਾਂ ਦੇ ਤਹਿਤ ਗਿ੍ਫ਼ਤਾਰ ਕੀਤੀ ਨਿਗਮ ਦੀ ਮਹਿਲਾ ਬਿਲਡਿੰਗ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਐਤਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਸਕਦਾ ਹੈ | ਬੀਤੇ ਦਿਨੀਂ ਵਿਜੀਲੈਂਸ ਬਿਊਰੋ ਨੇ ਹਰਪ੍ਰੀਤ ਕੌਰ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਸੀ | ਚੇਤੇ ਰਹੇ ਕਿ ਬੇਕਰੀ ਵਾਲੇ ਵਲੋਂ ਬਿਆਨ ਦਰਜ ਕਰਵਾਇਆ ਗਿਆ ਸੀ ਕਿ ਉਸ ਨੇ ਹਰਪ੍ਰੀਤ ਕੌਰ ਨੂੰ ਪੈਸੇ ਦਿੱਤੇ ਸਨ ਤਾਂ ਉਸ ਤੋਂ ਬਾਅਦ ਵਿਜੀਲੈਂਸ ਵਲੋਂ ਹਰਪ੍ਰੀਤ ਕੌਰ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਵਿਜੀਲੈਂਸ ਬਿਊਰੋ ਵਲੋਂ ਹਰਪ੍ਰੀਤ ਕੌਰ ਨੂੰ ਇਸ ਕਰਕੇ ਵੀ ਪੁੱਛਗਿੱਛ ਲਈ ਰਿਮਾਂਡ 'ਤੇ ਲਿਆ ਸੀ ਕਿਉਂਕਿ ਵਿਜੀਲੈਂਸ ਬਿਊਰੋ ਜਾਣਨਾ ਚਾਹੁੰਦੀ ਸੀ ਕਿ ਉਕਤ ਬਿਲਡਿੰਗ ਇੰਸਪੈਕਟਰ ਵਲੋਂ ਕਿੰਨੇ ਲੋਕਾਂ ਨੂੰ ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿਚ ਨੋਟਿਸ ਜਾਰੀ ਕੀਤੇ ਗਏ ਸਨ ਤਾਂ ਉਕਤ ਇਮਾਰਤਾਂ ਦਾ ਬਾਅਦ ਵਿਚ ਕਿ ਬਣਿਆ | ਦੱਸਿਆ ਜਾਂਦਾ ਹੈ ਕਿ ਵਿਜੀਲੈਂਸ ਬਿਊਰੋ ਦੇ ਨਿਸ਼ਾਨੇ 'ਤੇ ਉਕਤ ਮਹਿਲਾ ਬਿਲਡਿੰਗ ਇੰਸਪੈਕਟਰ ਦੇ ਕੈਂਟ ਹਲਕੇ ਵਾਲੇ ਸੈਕਟਰਾਂ 'ਚ ਬਣੀਆਂ ਇਮਾਰਤਾਂ ਵੀ ਸ਼ਾਮਿਲ ਸੀ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ |
ਹਿੰਦੁਸਤਾਨ ਸ਼ਿਵ ਸੈਨਾ ਨੇ ਵਿਧਾਇਕ ਰਮਨ ਅਰੋੜਾ ਖ਼ਿਲਾਫ਼ ਦਿੱਤੀ ਸ਼ਿਕਾਇਤ
ਜਲੰਧਰ-ਹਿੰਦੁਸਤਾਨ ਸ਼ਿਵ ਸੈਨਾ ਦੇ ਪੰਜਾਬ ਮੁਖੀ ਵਿਨੈ ਕਪੂਰ ਤੇ ਪੰਜਾਬ ਚੇਅਰਮੈਨ ਕਪਿਲ ਭਾਰਦਵਾਜ ਨੇ ਪੁਲਿਸ ਕਮਿਸ਼ਨਰ ਨੂੰ ਵਿਧਾਇਕ ਰਮਨ ਅਰੋੜਾ ਦੇ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ, ਜਿਸ 'ਚ ਵਿਨੈ ਕਪੂਰ ਨੇ ਦੋਸ਼ ਲਗਾਇਆ ਹੈ ਕਿ ਵਿਜੀਲੈਂਸ ਵਲੋਂ ਗਿ੍ਫ਼ਤਾਰ ਕੀਤੇ ਗਏ ਰਮਨ ਅਰੋੜਾ ਨੇ ਜਲੰਧਰ 'ਚ ਚਾਈਨਾ ਡੋਰ ਵੇਚਣ ਵਾਲਿਆਂ ਤੋਂ ਪੈਸੇ ਲਏ ਹਨ | ਵਿਨੈ ਕਪੂਰ ਨੇ ਕਿਹਾ ਕਿ ਸਰਕਾਰ ਨੂੰ ਅਜਿਹੇ ਵਿਧਾਇਕ ਵਿਰੁੱਧ ਧਾਰਾ 307 ਤਹਿਤ ਮਾਮਲਾ ਦਰਜ ਕਰਨਾ ਚਾਹੀਦਾ ਹੈ ਕਿਉਂਕਿ ਇਸ ਵਿਧਾਇਕ ਨੇ ਪੈਸੇ ਕਮਾਉਣ ਦੇ ਚੱਕਰ 'ਚ ਕਈ ਲੱਖ ਲੋਕਾਂ ਦੀ ਜਾਨ ਖ਼ਤਰੇ ਵਿਚ ਪਾ ਦਿੱਤੀ ਸੀ ਤੇ ਇਸ ਖ਼ੂਨੀ ਤਾਰ ਕਾਰਨ ਕਈ ਲੋਕਾਂ ਨੇ ਆਪਣੀਆਂ ਜਾਨਾਂ ਵੀ ਗੁਆ ਦਿੱਤੀਆਂ | ਵਿਨੈ ਕਪੂਰ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਅਜਿਹੇ ਵਿਅਕਤੀ ਵਿਰੁੱਧ ਕੇਸ ਦਰਜ ਨਹੀਂ ਕਰਦਾ ਹੈ ਤਾਂ ਉਹ ਜਲਦੀ ਹੀ ਮਾਣਯੋਗ ਹਾਈ ਕੋਰਟ ਦੀ ਮਦਦ ਲੈਣਗੇ¢
ਚਾਈਨਾ ਡੋਰ ਵਾਲੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇ ਵਿਜੀਲੈਂਸ ਵਿਭਾਗ-ਬੇਰੀ
ਜਲੰਧਰ-ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਤੇ ਜਲੰਧਰ ਸੈਂਟਰਲ ਹਲਕੇ ਤੋਂ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਵਿਜੀਲੈਂਸ ਵਿਭਾਗ ਕੋਲੋਂ ਇਹ ਮੰਗ ਕੀਤੀ ਹੈ ਕਿ ਭਿ੍ਸ਼ਟਾਚਾਰ ਦੇ ਮਾਮਲੇ 'ਚ ਜੋ ਜਲੰਧਰ ਸੈਂਟਰਲ ਹਲਕੇ ਦੇ ਵਿਧਾਇਕ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ , ਉਸ 'ਚ ਜੋ ਚਾਈਨਾ ਡੋਰ ਵਾਲਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ ਇਹ ਬਹੁਤ ਹੀ ਗੰਭੀਰ ਮਾਮਲਾ ਹੈ | ਜਿਸ ਚਾਈਨਾ ਡੋਰ ਤੇ ਸਰਕਾਰ ਨੇ ਰੋਕ ਲਗਾਈ ਹੋਈ ਸੀ ਪਰ ਸਰਕਾਰ ਦੇ ਚੁਣੇ ਹੋਏ ਨੁਮਾਇੰਦੇ ਵਲੋ ਆਪਣੀ ਹੀ ਸਰਕਾਰ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਕਰਦਿਆਂ, ਕਰੱਪਸ਼ਨ ਕਰਕੇ ਸ਼ਰੇਆਮ ਸ਼ਹਿਰ 'ਚ ਚਾਈਨਾ ਡੋਰ ਦੀ ਵਿਕਰੀ ਕਰਵਾਈ | ਜਿਸ ਨਾਲ ਬਹੁਤ ਹੀ ਜਾਨੀ ਨੁਕਸਾਨ ਹੋਏ ਹਨ ਤੇ ਕਈ ਲੋਕਾਂ ਦੀਆਂ ਜਾਨਾਂ ਵੀ ਗਈਆਂ ਹਨ | ਉਨ੍ਹਾਂ ਦੀ ਵਿਜੀਲੈਂਸ ਵਿਭਾਗ ਅੱਗੇ ਮੰਗ ਹੈ ਕਿ ਇਸ ਗੰਭੀਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤੇ ਇਸ ਮਾਮਲੇ 'ਚ ਦੋਸ਼ੀਆਂ ਨੂੰ ਸਜ਼ਾ ਦੁਆਈ ਜਾਵੇ |