ਜਲੰਧਰ, 31 ਮਈ (ਜਸਪਾਲ ਸਿੰਘ)-ਅਨੁਸ਼ਾਸਨ ਤੇ ਰਾਸ਼ਟਰੀ ਸੇਵਾ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਇਕ ਮਹੱਤਵਪੂਰਨ ਘਟਨਾਕ੍ਰਮ ਵਿਚ ਦੋ ਪੰਜਾਬ ਐਨ. ਸੀ. ਸੀ. ਬਟਾਲੀਅਨ, ਜਲੰਧਰ ਦੇ ਕਮਾਂਡਿੰਗ ਅਫਸਰ ਕਰਨਲ ਵਿਨੋਦ ਜੋਸ਼ੀ ਨੇ ਸਕੂਲ ਆਫ਼ ਐਮੀਨੈਂਸ, ਟਾਂਡਾ ਵਿਖੇ ਚੱਲ ਰਹੀ ਐਨ. ਸੀ. ਸੀ. ਕੈਡੇਟ ਭਰਤੀ ਪ੍ਰਕਿਰਿਆ ਦਾ ਅਚਾਨਕ ਨਿਰੀਖਣ ਕੀਤਾ | ਆਪਣੀ ਫੇਰੀ ਦੌਰਾਨ ਕਰਨਲ ਜੋਸ਼ੀ ਨੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਰਾਸ਼ਟਰੀ ਕੈਡੇਟ ਕੋਰ ਵਿਚ ਸ਼ਾਮਿਲ ਹੋਣ ਦੇ ਬਹੁਪੱਖੀ ਲਾਭਾਂ 'ਤੇ ਚਾਨਣਾ ਪਾਇਆ, ਜਿਸ 'ਚ ਉੱਚ ਸਿੱਖਿਆ, ਸ਼ਖ਼ਸੀਅਤ ਵਿਕਾਸ, ਲੀਡਰਸ਼ਿਪ ਸਿਖਲਾਈ ਤੇ ਭਾਰਤੀ ਹਥਿਆਰਬੰਦ ਸੈਨਾਵਾਂ ਵਿਚ ਤਰਜੀਹੀ ਮੌਕੇ ਸ਼ਾਮਿਲ ਹਨ | ਵਿਦਿਆਰਥੀਆਂ ਨੂੰ ਦੇਸ਼ ਭਗਤੀ ਦੀ ਭਾਵਨਾ ਨਾਲ ਪ੍ਰੇਰਿਤ ਕਰਦੇ ਹੋਏ, ਕਰਨਲ ਜੋਸ਼ੀ ਨੇ ਉਨ੍ਹਾਂ ਨੂੰ ਭਾਰਤੀ ਰੱਖਿਆ ਸੇਵਾਵਾਂ ਵਿਚ ਭਵਿੱਖ ਬਾਰੇ ਜਾਣਕਾਰੀ ਦਿੱਤੀ ਤੇ ਦੇਸ਼ ਦੀ ਸੇਵਾ ਕਰਨ ਦੇ ਸਨਮਾਨ ਤੇ ਜ਼ਿੰਮੇਵਾਰੀ 'ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਹਾਲ ਅਤੇ ਵਿਚ ਹੋਏ ਮਿਸ਼ਨ, 'ਆਪ੍ਰੇਸ਼ਨ ਸਿੰਦੂਰ' ਵਿਚ ਭਾਰਤੀ ਰੱਖਿਆ ਬਲਾਂ ਅਤੇ ਐਨ. ਸੀ. ਸੀ. ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ 'ਤੇ ਵੀ ਚਾਨਣਾ ਪਾਇਆ | ਪਿ੍ੰਸੀਪਲ ਰਾਜੇਸ਼ ਕੁਮਾਰ ਨੇ ਕਰਨਲ ਵਿਨੋਦ ਜੋਸ਼ੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਬਦਲੇ ਵਿਚ ਕਰਨਲ ਜੋਸ਼ੀ ਨੇ ਬਟਾਲੀਅਨ ਵਲੋਂ ਪਿ੍ੰਸੀਪਲ ਰਾਜੇਸ਼ ਕੁਮਾਰ ਨੂੰ ਇਕ ਯਾਦਗਾਰੀ ਚਿੰਨ੍ਹ ਭੇਟ ਕੀਤਾ | ਐਸੋਸੀਏਟ ਐਨ. ਸੀ. ਸੀ. ਅਫਸਰ ਵਿਪੁਲ ਸਿੰਘ ਨੇ ਸਕੂਲ ਵਿਚ ਕੀਤੀਆਂ ਜਾ ਰਹੀਆਂ ਵੱਖ-ਵੱਖ ਐਨ. ਸੀ. ਸੀ. ਗਤੀਵਿਧੀਆਂ ਦਾ ਵਿਸਤਿ੍ਤ ਜਾਣਕਾਰੀ ਪ੍ਰਦਾਨ ਕੀਤੀ, ਕਰਨਲ ਜੋਸ਼ੀ ਤੋਂ ਪ੍ਰਸ਼ੰਸਾ ਪ੍ਰਾਪਤ ਕੀਤੀ |