24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਬਸ਼ੀਰਪੁਰਾ 'ਚ ਸੀਵਰੇਜ ਬੰਦ, ਟੂਟੀਆਂ 'ਚ ਆ ਰਿਹੈ ਗੰਦਾ ਪਾਣੀ, ਲੋਕਾਂ ਵਲੋਂ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 30-08-2025
ਚੁਗਿੱਟੀ/ਜੰਡੂਸਿੰਘਾ, 29 ਅਗਸਤ (ਨਰਿੰਦਰ ਲਾਗੂ)-ਜਲੰਧਰ ਕੇਂਦਰੀ ਹਲਕੇ ਦੇ ਵਾਰਡ ਨੰ. 22 ਤੇ 23 ਦੇ ਤਮਾਮ ਮੁਹੱਲਿਆਂ 'ਚ ਪਿਛਲੇ ਕਈ ਦਿਨਾਂ ਤੋਂ ਬੰਦ ਹੋਏ ਸੀਵਰੇਜ ਤੇ ਟੂਟੀਆਂ 'ਚ ਆ ਰਿਹਾ ਗੰਦਾ ਪਾਣੀ ਸਥਾਨਿਕ ਲੋਕਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ, ਜਿਸ ਤੋਂ ਅੱਕੇ ਹੋਏ ਬਸ਼ੀਰਪੁਰਾ ਦੇ ਵਸਨੀਕਾਂ ਵਲੋਂ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਨਗਰ ਨਿਗਮ ਦੇ ਸੰਬੰਧਿਤ ਅਧਿਕਾਰੀਆਂ ਵਿਰੁੱਧ ਭੜਾਸ ਕੱਢਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਅਧਿਕਾਰੀਆਂ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਲੋਕਾਂ ਨੂੰ ਲਾਰੇ ਲਗਾ ਰਹੇ ਹਨ | ਗੱਲਬਾਤ ਕਰਦਿਆਂ ਕੌਂਸਲਰਪਤੀ ਹਰਪਾਲ ਮਿੰਟੂ ਨੇ ਕਿਹਾ ਕਿ ਉਨ੍ਹਾਂ ਵਲੋਂ ਲੋਕਾਂ ਦੇ ਇਸ ਮਸਲੇ ਦੇ ਮੱਦੇਨਜ਼ਰ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਪਰ ਬੜੇ ਦੱੁਖ ਵਾਲੀ ਗੱਲ ਹੈ ਕਿ ਕਿਸੇ ਅਧਿਕਾਰੀ ਵਲੋਂ ਇਸ ਸਮੱਸਿਆ ਦੇ ਹੱਲ ਲਈ ਗੰਭੀਰਤਾ ਨਹੀਂ ਵਰਤੀ ਜਾ ਰਹੀ, ਜਿਸ ਦਾ ਨਤੀਜਾ ਇਹ ਹੈ ਕਿ ਉਕਤ ਖੇਤਰ ਦੇ ਲੋਕ ਵੱਖ-ਵੱਖ ਬਿਮਾਰੀਆਂ ਦੀ ਲਪੇਟ 'ਚ ਆ ਰਹੇ ਹਨ | ਉਨ੍ਹਾਂ ਕਿਹਾ ਕਿ ਹਰੇਕ ਘਰ 'ਚ ਕੋਈ ਨਾ ਕੋਈ ਜੀਅ ਬੁਖਾਰ, ਉਲਟੀਆਂ ਤੇ ਹੋਰ ਬਿਮਾਰੀਆਂ ਤੋਂ ਪੀੜਤ ਹੈ | ਉਧਰ ਸੰਨੀ ਪੰਡਿਤ, ਗਗਨਦੀਪ ਅਹੂਜਾ, ਹਰਿੰਦਰ ਸਿੰਘ, ਜਤਿੰਦਰ ਸਿੰਘ, ਹਰਵਿੰਦਰ ਕੁਮਾਰ ਤੇ ਸੁਰਿੰਦਰ ਪੰਮਾ ਨੇ ਦੱਸਿਆ ਕਿ ਬਸ਼ੀਰਪੁਰਾ ਤੇ ਆਸ-ਪਾਸ ਦੇ ਖੇਤਰ 'ਚ ਕਈ ਦਿਨਾਂ ਤੋਂ ਸੀਵਰੇਜ ਬੰਦ ਹੈ, ਜਿਸ ਕਾਰਨ ਗੰਦਾ ਪਾਣੀ ਗਲੀਆਂ 'ਚ ਤਾਂ ਖੜ੍ਹਾ ਹੀ ਹੈ, ਪਰ ਮਾਤਰਾ ਜ਼ਿਆਦਾ ਹੋਣ ਕਾਰਨ ਲੋਕਾਂ ਦੇ ਘਰਾਂ 'ਚ ਵੀ ਚਲਾ ਗਿਆ ਹੈ, ਜਿਸ ਤੋਂ ਆਉਂਦੀ ਬਦਬੂ ਕਾਰਨ ਸਾਹ ਲੈਣ 'ਚ ਪ੍ਰੇਸ਼ਾਨੀ ਹੁੰਦੀ ਹੈ | ਉਨ੍ਹਾਂ ਆਖਿਆ ਕਿ ਟੂਟੀਆਂ 'ਚ ਆ ਰਹੇ ਗੰਦੇ ਪਾਣੀ ਦੀ ਵਰਤੋਂ ਕਰਨ ਤੋਂ ਲੋਕ ਡਰ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨੂੰ ਲੈ ਕੇ ਉਹ ਪਿਛਲੇ ਦਿਨਾਂ 'ਚ ਵੀ ਰੋਸ ਜ਼ਾਹਰ ਕਰ ਚੁੱਕੇ ਹਨ ਪਰ ਅਧਿਕਾਰੀਆਂ ਵਲੋਂ ਕੁੰਭਕਰਨੀ ਨੀਂਦ ਦਾ ਤਿਆਗ ਨਹੀਂ ਕੀਤਾ ਜਾ ਰਿਹਾ ਹੈ | ਕੌਂਸਲਰ ਪਤੀ ਹਰਪਾਲ ਮਿੰਟੂ ਨੇ ਕਿਹਾ ਕਿ ਸੰਪਰਕ ਕੀਤੇ ਜਾਣ 'ਤੇ ਸੰਬੰਧਿਤ ਮਹਿਕਮੇ ਦੇ ਅਧਿਕਾਰੀਆਂ ਵਲੋਂ ਛੇਤੀ ਇਸ ਮਸਲੇ ਦਾ ਹੱਲ ਕਰਨ ਦਾ ਭਰੋਸਾ ਦੁਆਇਆ ਗਿਆ ਹੈ |
ਦਸਤ ਕਾਰਨ ਬਜ਼ੁਰਗ ਵਿਅਕਤੀ ਦੀ ਮੌਤ
ਉਧਰ ਮਿਲੀ ਜਾਣਕਾਰੀ ਅਨੁਸਾਰ ਬਸ਼ੀਰਪੁਰਾ 'ਚ ਇਕ ਵਿਅਕਤੀ ਦੀ ਦਸਤ ਲੱਗਣ ਕਾਰਨ ਅੱਜ ਮੌਤ ਹੋ ਗਈ, ਜਿਸ ਦੀ ਪਛਾਣ ਇਕਬਾਲ ਸਿੰਘ (69) ਪੁੱਤਰ ਗੁਰਬਖਸ਼ ਸਿੰਘ ਵਾਸੀ ਬਸ਼ੀਰਪੁਰਾ ਦੇ ਰੂਪ 'ਚ ਸਾਹਮਣੇ ਆਈ ਹੈ | ਸਮਾਜ ਸੇਵਕ ਸੁਖਵਿੰਦਰ ਲੱਕੀ ਨੇ ਦੱਸਿਆ ਕਿ ਉਕਤ ਦੀ ਸਿਹਤ ਗੰਦੇ ਪਾਣੀ ਕਾਰਨ ਵਿਗੜੀ ਸੀ, ਜਿਸ ਨੂੰ ਇਲਾਜ ਲਈ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਪਰ ਪੇਟ 'ਚ ਜ਼ਿਆਦਾ ਖ਼ਰਾਬੀ ਹੋਣ 'ਤੇ ਦਸਤ ਕਾਰਨ ਉਕਤ ਦੀ ਮੌਤ ਹੋ ਗਈ |
ਲੋਕਾਂ ਦੇ ਹੱਕ 'ਚ ਪਹੁੰਚੇ ਸਾਬਕਾ ਵਿਧਾਇਕ ਮਨੋਰੰਜਨ ਕਾਲੀਆ
ਉਧਰ ਲੋਕਾਂ ਦੇ ਇਸ ਮਸਲੇ ਨੂੰ ਦੇਖਦੇ ਹੋਏ ਸਾਬਕਾ ਵਿਧਾਇਕ ਤੇ ਮੰਤਰੀ ਮਨੋਰੰਜਨ ਕਾਲੀਆ ਬਸ਼ੀਰਪੁਰਾ ਵਿਖੇ ਪਹੁੰਚੇ, ਜਿਨ੍ਹਾਂ ਨੂੰ ਲੋਕਾਂ ਵਲੋਂ ਦਰਪੇਸ਼ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਗਿਆ | ਇਸ ਦੌਰਾਨ ਸ੍ਰੀ ਕਾਲੀਆ ਨੇ ਕਮਿਸ਼ਨਰ ਨਗਰ ਨਿਗਮ ਜਲੰਧਰ ਸੰਦੀਪ ਕਰਿਸ਼ੀ ਨਾਲ ਫੋਨ 'ਤੇ ਗੱਲ ਕੀਤੀ, ਜਿਸ 'ਤੇ ਸ੍ਰੀ ਕਰਿਸ਼ੀ ਨੇ ਵਿਸ਼ਵਾਸ ਦੁਆਇਆ ਕਿ ਸੀਵਰੇਜ ਦੀ ਸਫ਼ਾਈ ਕੱਲ੍ਹ ਸ਼ਾਮ ਤੋਂ ਸੁਪਰ ਸਕਸ਼ਨ ਮਸ਼ੀਨ ਰਾਹੀਂ ਕਰਵਾਈ ਜਾਵੇਗੀ, ਤੇ ਅੱਜ ਹੀ ਤਤਕਾਲ ਰਾਹਤ ਦੇ ਲਈ ਜੈੱਟ ਮਸ਼ੀਨ ਤੋਂ ਕੰਮ ਲਿਆ ਜਾਵੇਗਾ | ਇਸ ਮੌਕੇ ਲੋਕਾਂ ਨੇ ਸ੍ਰੀ ਕਾਲੀਆ ਨੂੰ ਬੋਤਲ 'ਚ ਬੰਦ ਪਾਣੀ ਦਿਖਾਇਆ | ਇਸ ਮੌਕੇ ਅਸ਼ਵਨੀ ਸ਼ਰਮਾ, ਅਸ਼ੋਕ ਮਰਵਾਹਾ ਤੇ ਗਗਨਦੀਪ ਬੰਟੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲਤੀਫਪੁਰਾ ਦੇ ਮਾਮਲੇ ਨੂੰ ਲੈ ਕੇ ਅਗਲੇ ਹਫ਼ਤੇ ਡੀ. ਸੀ. ਨਾਲ ਹੋਵੇਗੀ ਮੋਰਚਾ ਆਗੂਆਂ ਦੀ ਮੀਟਿੰਗ ਅਗਲੀ ਖ਼ਬਰ ਡੀ.ਸੀ. ਨੇ ਰਾਸ਼ਟਰੀ ਰਾਜ ਮਾਰਗਾਂ 'ਤੇ ਜਮ੍ਹਾਂ
Ad Position 24