ਕਰਤਾਰਪੁਰ, 31 ਅਗਸਤ (ਜਨਕ ਰਾਜ ਗਿੱਲ)- ਸਥਾਨਕ ਸ਼ਿਵਪੁਰੀ ਵਿਖੇ ਸਥਿਤ ਮੁੱਖ ਮਾਰਗ 'ਤੇ ਮੇਨ ਗੇਟ ਸਾਹਮਣੇ ਗੰਦਗੀ ਦੀ ਸਮੱਸਿਆ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਸ਼ਹਿਰ ਦੀਆਂ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਕੀਤੀ ਗਈ | ਇਸ ਮੌਕੇ ਧਾਰਮਿਕ ਸੰਸਥਾਵਾਂ ਦੇ ਮੈਂਬਰਾਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸ਼ਿਵਪੁਰੀ ਦੀ ਪ੍ਰਬੰਧਕ ਕਮੇਟੀ ਦੀ ਕਥਿਤ ਅਣਗਹਿਲੀ ਕਾਰਨ ਸ਼ਿਵਪੁਰੀ ਸੜਕ ਦੀ ਹਾਲਤ ਬਹੁਤ ਖਸਤਾ ਹੈ, ਇੰਨਾਂ ਹੀ ਨਹੀਂ ਸਗੋਂ ਸ਼ਿਵਪੁਰੀ ਦੇ ਪ੍ਰਵੇਸ਼ ਦੁਆਰ 'ਤੇ ਲੰਬੇ ਸਮੇਂ ਤੋਂ ਗੰਦਾ ਪਾਣੀ ਖੜ੍ਹਾ ਹੈ | ਪ੍ਰਬੰਧਕ ਕਮੇਟੀ ਵਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਜਦਕਿ ਸ਼ਿਵਪੁਰੀ ਨੇੜੇ ਹੀ ਇਕ ਮੁਰਦਾਘਰ, ਗਊਸ਼ਾਲਾ ਵੀ ਸਥਿਤ ਹੈ ਤੇ ਬਰਸਾਤ ਦੇ ਮੌਸਮ ਵਿਚ ਗੋਬਰ ਤੇ ਗੰਦਗੀ ਨਾਲ ਵੀ ਸ਼ਿਵਪੁਰੀ ਦੀ ਹਾਲਤ ਬਹੁਤ ਮਾੜੀ ਹੋ ਜਾਂਦੀ ਹੈ | ਸ਼ਹਿਰ ਦੀ ਇਸ ਵੱਡੀ ਪ੍ਰੇਸ਼ਾਨੀ ਨੂੰ ਲੈ ਕੇ ਸ਼ਹਿਰ ਦੇ ਲੋਕਾਂ ਤੇ ਸੰਸਥਾਵਾਂ ਵਲੋਂ ਸ਼ਿਵਪੁਰੀ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਦੇ ਹੱਲ ਲਈ ਕਈ ਵਾਰ ਕਿਹਾ ਜਾ ਚੁੱਕਾ ਹੈ ਪਰ ਕਮੇਟੀ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਦੂਜੇ ਪਾਸੇ ਸਥਾਨਕ ਨਗਰ ਕੌਂਸਲ ਵੀ ਇਸ ਸਥਾਨ ਨੂੰ ਸਵੱਛ ਕਰਨ 'ਚ ਪੂਰੀ ਤਰ੍ਹਾਂ ਫੇਲ੍ਹ ਹੀ ਰਹੀ ਹੈ | ਲੋਕਾਂ ਨੇ ਕਿਹਾ ਕਿ ਅੱਜ ਦੀ ਮੀਟਿੰਗ ਸੰਬੰਧੀ ਸ਼ਿਵਪੁਰੀ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਸੀ ਪਰ ਸ਼ਿਵਪੁਰੀ ਪ੍ਰਬੰਧਕ ਕਮੇਟੀ ਦਾ ਕੋਈ ਮੈਂਬਰ ਜਾਂ ਪ੍ਰਧਾਨ ਇਸ ਮੀਟਿੰਗ 'ਚ ਨਹੀਂ ਪਹੁੰਚਿਆ | ਇਸ ਮੌਕੇ ਸ੍ਰੀ ਰਾਮਲੀਲ੍ਹਾ ਕਮੇਟੀ ਦੇ ਚੇਅਰਮੈਨ ਪ੍ਰਦੀਪ ਅਗਰਵਾਲ, ਸ਼੍ਰੀ ਗਣੇਸ਼ ਕਲੱਬ ਦੇ ਪ੍ਰਧਾਨ ਅਨਿਲ ਸ਼ਰਮਾ, ਸ਼ਿਵ ਮੰਦਿਰ ਕਮੇਟੀ ਦੇ ਪ੍ਰਧਾਨ ਦੀਪਕ ਦੀਪਾ, ਮਾਂ ਭਗਵਤੀ ਸੇਵਾ ਸਮਿਤੀ ਦੇ ਚੇਅਰਮੈਨ ਧੀਰਜ ਸਕਸੈਨਾ, ਮਹਾਂਰਿਸ਼ੀ ਵਾਲਮੀਕਿ ਵੈਲਫੇਅਰ ਮਿਸ਼ਨ ਮੰਡੀ ਮੁਹੱਲਾ ਦੇ ਵਿਪਿਨ ਥਾਪਰ, ਨੀਲਕੰਠ ਦੁਸਹਿਰਾ ਕਮੇਟੀ ਦੇ ਪ੍ਰਧਾਨ ਰਾਜਕੁਮਾਰ ਸਿੰਘ ਅਰੋੜਾ, ਪ੍ਰਧਾਨ ਸ਼੍ਰੀ ਅਮਰਨਾਥ, ਪ੍ਰਧਾਨ ਕਿੱਟੂ ਵਾਲੀਆ, ਭਗਵਾਨ ਸ੍ਰੀ ਪਰਸ਼ੂਰਾਮ ਨੌਜਵਾਨ ਬ੍ਰਾਹਮਣ ਸਭਾ ਦੇ ਪ੍ਰਧਾਨ ਪਵਨ ਸ਼ਰਮਾ, ਆਪ ਦੇ ਸੀਨੀਅਰ ਆਗੂ ਪੰਡਿਤ ਅਵਧ ਸ਼ਰਮਾ, ਮੁੱਖ ਸੇਵਾਦਾਰ ਦੀਪਕ ਸ਼ਰਮਾ, ਆਪ ਆਗੂ ਜਸਵਿੰਦਰ ਬਾਵਲਾ, ਅਮਨ ਸ਼ਰਮਾ ਕਾਲਾ, ਸੰਨੀ ਢਿੱਲੋਂ, ਸੋਨੂੰ ਰਾਜਪੂਤ ਆਦਿ ਹਾਜ਼ਰ ਸਨ | ਮੀਟਿੰਗ ਵਿਚ ਸ਼ਾਮਿਲ ਮੈਂਬਰਾਂ ਨੇ ਕਿਹਾ ਕਿ ਜੇਕਰ ਸਮੇਂ ਰਹਿੰਦੇ ਇਸ ਸਥਾਨ ਦੀ ਦਸ਼ਾ ਠੀਕ ਨਾ ਕੀਤੀ ਗਈ ਤਾਂ ਨਵੇਂ ਸਿਰੇ ਤੋਂ ਸ਼ਹਿਰ ਦੀਆਂ ਸੰਸਥਾਵਾਂ ਵਲੋਂ ਨਵੀਂ ਕਮੇਟੀ ਦਾ ਗਠਨ ਜਲਦ ਤੋਂ ਜਲਦ ਕਰ ਦਿੱਤਾ ਜਾਵੇਗਾ ਤੇ ਸ਼ਹਿਰੀ ਲੋਕਾਂ ਦੀ ਪ੍ਰੇਸ਼ਾਨੀ ਨੂੰ ਪਹਿਲ ਦੇ ਆਧਾਰ 'ਤੇ ਸੰਸਥਾਵਾਂ ਵਲੋਂ ਹੀ ਹੱਲ ਕੀਤਾ ਜਾਵੇਗਾ |