01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਭਾਰੀ ਮੀਂਹ ਨਾਲ ਸ਼ਹਿਰ 'ਚ ਬਣੇ ਹੜ੍ਹ ਵਰਗੇ ਹਾਲਾਤ

Ad Position 21
No active advertisement
ਅਜੀਤ ਡੈਸਕ 02-09-2025

ਜਲੰਧਰ, 1 ਸਤੰਬਰ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਰਕੇ ਲੋਕਾਂ ਨੂੰ ਪਹਿਲਾਂ ਹੀ ਰਾਹਤ ਨਹੀਂ ਮਿਲ ਰਹੀ ਸੀ ਪਰ ਐਤਵਾਰ ਰਾਤ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਨਾਲ ਜਲੰਧਰ ਪਹਿਲੀ ਬਾਰੇ ਪੂਰੀ ਤਰਾਂ ਨਾਲ ਪਾਣੀ ਵਿਚ ਡੁੱਬ ਗਿਆ, ਜਿਸ ਕਰਕੇ ਸ਼ਹਿਰ ਦੇ ਕਈ ਵਪਾਰਕ ਅਦਾਰਿਆਂ ਤੋਂ ਇਲਾਵਾ ਲੋਕਾਂ ਦੇ ਘਰਾਂ ਵਿਚ ਪਾਣੀ ਚਲੇ ਜਾਣ ਕਰਕੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ | ਐਤਵਾਰ ਅੱਧੀ ਰਾਤ ਤੋਂ ਹੀ ਜਿਸ ਤਰਾਂ ਨਾਲ ਸ਼ਹਿਰ ਪਾਣੀ ਵਿਚ ਡੁੱਬ ਗਿਆ ਤਾਂ ਇਸ ਨਾਲ ਕਈ ਲੋਕਾਂ ਨੂੰ ਤਾਂ 1988 ਦੀ ਯਾਦ ਕਰਵਾ ਦਿੱਤੀ ਸੀ ਜਦੋਂ ਸਾਰਾ ਜਲੰਧਰ ਪਾਣੀ ਵਿਚ ਡੁੱਬ ਗਿਆ ਸੀ | ਐਤਵਾਰ ਰਾਤ ਨੂੰ ਸ਼ੁਰੂ ਹੋਏ ਮੀਂਹ ਕਰਕੇ ਤਾਂ ਸ਼ਹਿਰ ਪਾਣੀ ਵਿਚ ਡੁਬਾ ਸੀ ਪਰ ਵਪਾਰਕ ਅਦਾਰਿਆਂ ਤੇ ਲੋਕਾਂ ਦੇ ਘਰਾਂ ਵਿਚ ਇਸ ਕਰਕੇ ਵੀ ਪਾਣੀ ਚਲਾ ਗਿਆ ਕਿਉਂਕਿ ਸ਼ਹਿਰ ਦੇ ਪਾਣੀ ਨੂੰ ਸਾਫ਼ ਕਰਕੇ ਉਸ ਦੀ ਨਿਕਾਸੀ ਕਰਨ ਵਾਲੇ ਫੋਲੜੀਵਾਲ ਸਥਿਤ ਐੱਸ.ਟੀ.ਪੀ. (ਸੀਵਰੇਜ ਟਰੀਟਮੈਂਟ ਪਲਾਂਟ) ਦੇ ਪੂਰੀ ਸਮਰੱਥਾ ਨਾਲ ਕੰਮ ਨਾ ਕਰਕੇ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਸ਼ਹਿਰ ਪਾਣੀ ਵਿਚ ਡੁੱਬ ਗਿਆ | ਸ਼ਹਿਰ ਦਾ ਸਾਰਾ ਪਾਣੀ ਫੋਲੜੀਵਾਲ ਦੇ ਐੱਸ.ਟੀ.ਪੀ. ਵਿਚ ਜਾਂਦਾ ਹੈ ਤਾਂ ਐਤਵਾਰ ਅੱਧੀ ਰਾਤ ਨੂੰ ਇਸ ਨੂੰ ਹਾਟ ਲਾਈਨ ਤੋਂ ਮਿਲਦੀ ਬਿਜਲੀ ਸਪਲਾਈ ਦੇ ਬੰਦ ਹੋਣ ਕਰਕੇ ਇਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਜਿਸ ਕਰਕੇ ਸ਼ਹਿਰ ਵਿਚ ਨਿਕਾਸੀ ਨਾ ਹੋਣ ਕਰਕੇ ਸ਼ਹਿਰ ਪਾਣੀ ਵਿਚ ਡੁੱਬ ਗਿਆ | ਨਿਗਮ ਦਾ ਇਹ ਕਹਿਣਾ ਸੀ ਕਿ ਜਮਸ਼ੇਰ ਦੇ ਬਿਜਲੀ ਫੀਡਰ ਵਿਚ ਆਈ ਖ਼ਰਾਬੀ ਕਰਕੇ ਬਿਜਲੀ ਸਪਲਾਈ ਬੰਦ ਹੋ ਗਈ ਸੀ ਤਾਂ ਐੱਸ.ਟੀ.ਪੀ. ਦੀ ਕਾਰਜਪ੍ਰਣਾਲੀ 'ਤੇ ਅਸਰ ਪਿਆ | ਦੇਰ ਰਾਤ ਨੂੰ ਇਸ ਦੀ ਸੂਚਨਾ ਮਿਲਣ 'ਤੇ ਮੇਅਰ ਵਨੀਤ ਧੀਰ, ਕਮਿਸ਼ਨਰ ਸੰਦੀਪ ਰਿਸ਼ੀ ਤੇ ਡੀ.ਸੀ. ਹਿਮਾਂਸ਼ੂ ਅਗਰਵਾਲ ਨੇ ਆਪਸ ਵਿਚ ਸੰਪਰਕ ਕੀਤਾ ਜਿਨਾਂ ਨੇ ਬਿਜਲੀ ਅਧਿਕਾਰੀਆਂ ਨੂੰ ਜਮਸ਼ੇਰ ਫੀਡਰ ਵਿਚ ਪਏ ਨੁਕਸ ਨੂੰ ਜਲਦੀ ਠੀਕ ਕਰਨ ਦੀ ਹਦਾਇਤ ਦਿੱਤੀ | ਇਸ ਐੱਸ.ਟੀ.ਪੀ. ਦੇ ਪੂਰੀ ਸਮਰੱਥਾ ਨਾਲ ਕੰਮ ਨਾ ਕਰਨ ਕਰਕੇ ਹੀ ਪਾਣੀ ਦੀ ਨਿਕਾਸੀ ਪੂਰੀ ਤਰਾਂ ਨਾਲ ਨਹੀਂ ਹੋਈ | ਸੋਮਵਾਰ ਦੁਪਹਿਰ ਬਾਅਦ ਜਦੋਂ ਇਸ ਬਿਜਲੀ ਸਪਲਾਈ ਠੀਕ ਕਰਵਾਈ ਗਈ ਤਾਂ ਫੋਲੜੀਵਾਲ ਸਥਿਤ ਟਰੀਟਮੈਂਟ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ | ਉਧਰ ਇਕ ਜਾਣਕਾਰੀ ਮੁਤਾਬਕ ਨੀਲਾ ਮਹਿਲ, ਟਰਾਂਸਪੋਰਟ ਨਗਰ ਦਾ ਵੀ ਡਿਸਪੋਜ਼ਲ ਸਮੇਂ ਸਿਰ ਨਾ ਚੱਲਣ ਕਰਕੇ ਪਾਣੀ ਨਿਕਾਸੀ ਨਹੀਂ ਹੋ ਸਕੀ ਸਗੋਂ ਚੰਦਨ ਨਗਰ ਅੰਡਰ ਬਿ੍ਜ ਦੀਆਂ ਮੋਟਰਾਂ ਨਾਲ ਚੱਲਣ ਕਰਕੇ ਅਜੇ ਤੱਕ ਪਾਣੀ ਭਰਿਆ ਹੋਇਆ ਸੀ। ਸ਼ਹਿਰ ਵਿਚ ਘਰਾਂ ਤੋਂ ਇਲਾਵਾ ਮਾਡਲ ਟਾਊਨ, ਭਗਤ ਸਿੰਘ ਚੌਕ ਵਿਚ ਬੇਸਮੈਂਟ ਅਤੇ ਮੰਡੀ ਫੈਨਟਣਗੰਜ ਦੀਆਂ ਦੁਕਾਨਾਂ ਵਿਚ ਪਾਣੀ ਜਾਣ ਕਰਕੇ ਕਾਰੋਬਾਰੀਆਂ ਦਾ ਵੀ ਭਾਰੀ ਨੁਕਸਾਨ ਹੋਇਆ ਸਗੋਂ ਦਮੋਰੀਆ ਪੁਲ ਤੋਂ ਰੇਲਵੇ ਰੋਡ ਤੱਕ ਪਾਣੀ ਭਰਨ ਕਰਕੇ ਕਈ ਘਰਾਂ ਵਿਚ ਲੋਕਾਂ ਦੇ ਸਮਾਨ ਦਾ ਨੁਕਸਾਨ ਹੋਇਆ। ਮੇਅਰ ਵਨੀਤ ਧੀਰ ਦੀ ਅਗਵਾਈ ਵਿਚ ਸ਼ਹਿਰ ਦੇ ਕਈ ਇਲਾਕਿਆਂ ਦਾ ਅਫ਼ਸਰਾਂ ਨੇ ਦੌਰਾ ਕਰਕੇ ਮੌਕੇ 'ਤੇ ਹੀ ਸਮੱਸਿਆ ਹੱਲ ਕਰਨ ਲਈ ਹਦਾਇਤਾਂ ਦਿੱਤੀਆਂ।
ਬਰਸਾਤ ਕਰਕੇ ਅਦਾਲਤੀ ਕੰਪਲੈਕਸ ਦੀ ਪਾਰਕਿੰਗ 'ਚ ਭਰਿਆ ਪਾਣੀ
ਜਲੰਧਰ, (ਚੰਦੀਪ ਭੱਲਾ)-ਭਾਰੀ ਬਰਸਾਤ ਕਰਕੇ ਜਿੱਥੇ ਅੱਜ ਸ਼ਹਿਰ ਭਰ 'ਚ ਪਾਣੀ ਨਹਿਰਾਂ ਵਾਂਗ ਵੇਖਣ ਨੂੰ ਮਿਲਿਆ ਉੱਥੇ ਨਾਲ ਹੀ ਅੱਜ ਸ਼ਹਿਰ ਦੇ ਅਦਾਲਤੀ ਕੰਪਲੈਕਸ ਦੀ ਪਾਰਕਿੰਗ ਅਤੇ ਬੇਸਮੈਂਟ 'ਚ ਵੀ ਪਾਣੀ ਭਰ ਗਿਆ। ਜਿਸ ਕਰਕੇ ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਬਚਾ ਲਈ ਬਿਜਲੀ ਵੀ ਬੰਦ ਕੀਤੀ ਗਈ ਤੇ ਲਿਫ਼ਟਾਂ ਵੀ ਬੰਦ ਰਹੀਆਂ ਤੇ ਇਸੇ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਵਕੀਲਾਂ ਵੱਲੋਂ ਵੀ 'ਨੋ ਵਰਕ ਡੇਅ' ਰੱਖਿਆ ਗਿਆ। ਬਰਸਾਤ ਦਾ ਪਾਣੀ ਕਈ ਵਕੀਲਾਂ ਦੇ ਚੈਂਬਰਾਂ 'ਚ ਵੀ ਚਲਾ ਗਿਆ ਤੇ ਕੁੱਝ ਚੈਂਬਰਾਂ ਦੀਆਂ ਛੱਤਾਂ ਤੋਂ ਵੀ ਪਾਣੀ ਟਪਕਣ ਲੱਗ ਪਿਆ। ਭਾਰੀ ਬਰਸਾਤ ਅਤੇ ਇਸ ਨਾਲ ਲੋਕਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਨੂੰ ਧਿਆਨ 'ਚ ਰੱਖਦੇ ਹੋਏ ਕੰਮਕਾਜ ਠੱਪ ਰੱਖਿਆ ਗਿਆ। ਇਸ ਸਬੰਧੀ ਗੱਲਬਾਤ ਕਰਦੇ ਹੋਏ ਬਾਰ ਦੇ ਸਕੱਤਰ ਰੋਹਿਤ ਗੰਭੀਰ ਅਤੇ ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ ਨੇ ਦੱਸਿਆ ਕਿ ਅੱਜ ਵਾਸ਼ਰੂਮ ਵਾਲੇ ਪਾਸੇ ਵੀ ਪਾਣੀ ਭਰ ਗਿਆ। ਉਨ੍ਹਾਂ ਕਿਹਾ ਕਿ ਅੱਜ ਅਦਾਲਤੀ ਕੰਪਲੈਕਸ 'ਚ ਕਾਫ਼ੀ ਪਾਣੀ ਭਰੇ ਹੋਣ ਕਰਕੇ ਕੋਈ ਵੀ ਗਵਾਹੀ ਨਹੀਂ ਹੋ ਸਕੀ ਤੇ ਹੀ ਕੋਈ ਕੇਸ ਦਾਇਰ ਕੀਤਾ ਜਾ ਸਕਿਆ ਕਿਉਂ ਕਿ ਲੋਕ ਨੂੰ ਪਾਣੀ ਜ਼ਿਆਦਾ ਹੋਣ ਕਰਕੇ ਅਦਾਲਤੀ ਕੰਪਲੈਕਸ 'ਚ ਨਹੀਂ ਪਹੁੰਚ ਸਕੇ। ਇਸ ਤੋਂ ਇਲਾਵਾ ਅੱਜ ਅਧਿਕਾਰੀਆਂ ਦੀਆਂ ਸਰਕਾਰੀ ਕੋਠੀਆਂ ਬਾਰਾਂਦਰੀ ਇਲਾਕੇ 'ਚ ਵੀ ਕਾਫ਼ੀ ਪਾਣੀ ਭਰ ਗਿਆ ਜਿਸ ਕਰਕੇ ਉਨ੍ਹਾਂ ਨੂੰ ਵੀ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਪ੍ਰਸ਼ਾਸਕੀ ਕੰਪਲੈਕਸ ਅਤੇ ਤਹਿਸੀਲ ਕੰਪਲੈਕਸ 'ਚ ਵੀ ਗਿਆ ਮੀਂਹ ਦਾ ਪਾਣੀ
ਜਲੰਧਰ, (ਚੰਦੀਪ ਭੱਲਾ)-ਰਾਤ ਨੂੰ ਹੋਈ ਭਾਰੀ ਬਰਸਾਤ ਕਰਕੇ ਜਿੱਥੇ ਇੱਕ ਪਾਸੇ ਪੂਰਾ ਸ਼ਹਿਰ ਪਾਣੀ ਪਾਣੀ ਹੋ ਗਿਆ ਉੱਥੇ ਨਾਲ ਹੀ ਦੂਜੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਅਤੇ ਤਹਿਸੀਲ ਕੰਪਲੈਕਸ 'ਚ ਵੀ ਪਾਣੀ ਭਰ ਗਿਆ। ਤਹਿਸੀਲ ਕੰਪਲੈਕਸ ਸਮੇਤ ਡੀ.ਸੀ ਦਫ਼ਤਰ ਦੇ ਕਈ ਵਿਭਾਗਾਂ ਦੀਆਂ ਛੱਤਾਂ ਤੋਂ ਪਾਣੀ ਟਪਕਣ ਲੱਗ ਪਿਆ ਤੇ ਹੇਠਾਂ ਸਥਿਤ ਕਈਂ ਦਫ਼ਤਰਾਂ ਤੱਕ ਵੀ ਪਾਣੀ ਦੀ ਮਾਰ ਪਈ। ਅੱਜ ਪਟਵਾਰੀ ਅਤੇ ਕਾਨੂੰਗੋਆਂ ਦੇ ਰਿਕਾਰਡ ਰੂਮ ਦੀਆਂ ਛੱਤਾਂ ਤੋਂ ਵੀ ਪਾਣੀ ਟਪਕਦਾ ਰਿਹਾ, ਜਿਸ ਕਰਕੇ ਕਾਫੀ ਰਿਕਾਰਡ ਭਿੱਜ ਵੀ ਗਿਆ ਤੇ ਬਾਅਦ 'ਚ ਕਰਮਚਾਰੀਆਂ ਨੇ ਇਸ ਰਿਕਾਰਡ ਨੂੰ ਤਰਪਾਲਾਂ ਪਾ ਕੇ ਬਚਾਇਆ। ਦੂਜੇ ਪਾਸੇ ਪ੍ਰਸ਼ਾਸਕੀ ਕੰਪਲੈਕਸ ਦੀ ਪਾਰਕਿੰਗ ਏ.ਡੀ.ਸੀ ਦਫ਼ਤਰ ਦੇ ਬਾਹਰ ਵੀ ਪਾਣੀ ਹੀ ਪਾਣੀ ਵੇਖਣ ਨੂੰ ਮਿਲਿਆ, ਜਿਸ ਕਰਕੇ ਸਾਰਿਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਬਾਰਾਦਰੀ ਇਲਾਕੇ ਜਿੱਥੇ ਜ਼ਿਆਦਾਤਰ ਅਧਿਕਾਰੀਆਂ ਦੀਆਂ ਕੋਠੀਆਂ ਹਨ ਵਾਲੇ ਪਾਸੇ ਵੀ 2-3 ਫੁੱਟ ਤੱਕ ਪਾਣੀ ਭਰਿਆ ਵੇਖਿਆ ਗਿਆ, ਜਿਸ ਕਰਕੇ ਉਨ੍ਹਾਂ ਨੂੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਗਾਬਾ ਗੈਂ੍ਰਡ ਮਾਲ ਦਾ 50 ਲੱਖ ਦਾ ਨੁਕਸਾਨ
ਜਲੰਧਰ, (ਸ਼ਿਵ)-ਸ਼ਹਿਰ ਵਿਚ ਅੱਜ ਪਾਣੀ ਭਰਨ ਨਾਲ ਕਈ ਅਦਾਰਿਆਂ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ ਤੇ ਕਾਰੋਬਾਰੀ ਦਲਜੀਤ ਸਿੰਘ ਗਾਬਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਡਲ ਟਾਊਨ ਵਿਚ ਉਨ੍ਹਾਂ ਦਾ ਗਾਬਾ ਗੈਂ੍ਰਡ ਮਾਲ ਹੈ, ਜਿਸ ਵਿਚ ਅੱਜ 9-9 ਫੁੱਟ ਪਾਣੀ ਭਰਨ ਕਰਕੇ ਬੇਸਮੈਂਟ ਵਿਚ ਜਿਹੜੀਆਂ ਚਾਰ ਦੁਕਾਨਾਂ ਸੀ, ਉਸ ਵਿਚ 50 ਲੱਖ ਰੁਪਏ ਦੇ ਕਰੀਬ ਕੱਪੜੇ ਦੇ ਖ਼ਰਾਬ ਹੋਣ ਕਾਰਨ ਨੁਕਸਾਨ ਹੋਇਆ ਹੈ। ਉੱਧਰ ਬੇਸਮੈਂਟ ਵਿਚ ਪਾਣੀ ਕੱਢਣ ਲਈ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਚੇਤੇ ਰਹੇ ਕਿ ਮੰਡੀ ਰੋਡ 'ਤੇ ਵੀ ਰਾਜੂ ਇੰਟਰਪਾਈਜਜ਼ ਦੇ ਗੁਦਾਮ ਵਿਚ ਪਾਣੀ ਆਉਣ ਕਰਕੇ ਨੁਕਸਾਨ ਹੋਇਆ।
ਪ੍ਰਸ਼ਾਸਨ ਅਤੇ ਸਥਾਨਕ ਲੀਡਰਸ਼ਿਪ ਹਮੇਸ਼ਾ ਜਲੰਧਰ ਛਾਉਣੀ ਵਾਸੀਆਂ ਨਾਲ-ਥਿਆੜਾ
ਜਮਸ਼ੇਰ ਖਾਸ, (ਹਰਵਿੰਦਰ ਕੁਮਾਰ)-ਜਲੰਧਰ ਛਾਉਣੀ 'ਆਪ' ਦੇ ਹਲਕਾ ਇੰਚਾਰਜ ਰਾਜਵਿੰਦਰ ਥਿਆੜਾ ਵੱਲੋਂ ਅੱਜ ਦੀਵਾਲੀ, ਉਦੋਂਪੁਰ, ਜੁਗਰਾਲ, ਕੁੱਕੜ ਪਿੰਡ ਅਤੇ ਸ਼ਹਿਰ ਦੇ ਅਰਬਨ ਅਸਟੇਟ ਸਟੇਟ ਫੇਜ਼ 1 ਅਤੇ ਫੇਜ਼ 2 ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀ ਰਣਧੀਰ ਸਿੰਘ ਹੀਰ ਵੀ ਸਨ, ਜਿਨ੍ਹਾਂ ਨੇ ਇਕੱਠੇ ਮੌਕੇ ਦਾ ਜਾਇਜ਼ਾ ਲਿਆ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਭਰੋਸਾ ਦਵਾਇਆ ਕਿ ਪ੍ਰਸ਼ਾਸਨ ਤੇ ਸਥਾਨਕ ਲੀਡਰਸ਼ਿਪ ਇਸ ਮੁਸੀਬਤ ਦੀ ਘੜੀ ਵਿੱਚ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਸਾਰੇ ਸੰਬੰਧਿਤ ਵਿਭਾਗਾਂ ਨਾਲ ਮਿਲ ਕੇ ਤੁਰੰਤ ਕਦਮ ਚੁੱਕੇ ਜਾ ਰਹੇ ਹਨ। ਹਾਲਾਤ 'ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਹਰ ਸਮੱਸਿਆ ਨੂੰ ਤਰਜ਼ੀਹ ਦੇ ਕੇ ਹੱਲ ਕੀਤਾ ਜਾ ਸਕੇ। ਜਨਤਾ ਦੀ ਸਹੂਲਤ ਲਈ ਇੱਕ ਖ਼ਾਸ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਬੀਬੀ ਥਿਆੜਾ ਨੇ ਦੁਹਰਾਇਆ ਕਿ ਜਲੰਧਰ ਛਾਉਣੀ ਹਲਕੇ ਦੇ ਲੋਕਾਂ ਦੀ ਭਲਾਈ ਉਨ੍ਹਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਅਤੇ ਲੋਕਾਂ ਨੂੰ ਰਾਹਤ ਪਹੁੰਚਾਉਣ ਤੇ ਹਾਲਾਤ ਨੂੰ ਜਲਦੀ ਤੋਂ ਜਲਦੀ ਸਧਾਰਨ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਕਮਿਸ਼ਨਰੇਟ ਪੁਲਿਸ ਨੇ ਅਗਸਤ ਮਹੀਨੇ ਦੌਰਾਨ 7 ਭਗੌੜੇ ਮੁਲਜ਼ਮ ਕੀਤੇ ਗਿ੍ਫ਼ਤਾਰ <br/> ਅਗਲੀ ਖ਼ਬਰ 2 ਕਿੱਲੋ 76 ਗ੍ਰਾਮ ਹੈਰੋਇਨ ਸਮੇਤ ਇਕ ਗਿ੍ਫ਼ਤਾਰ <br/>
Ad Position 24