ਜਲੰਧਰ, 1 ਅਕਤੂਬਰ (ਐੱਮ. ਐੱਸ. ਲੋਹੀਆ)-ਮੋਟਰਸਾਈਕਲ 'ਤੇ ਸਪਾਲਈ ਦੇਣ ਜਾ ਰਹੇ ਇਕ ਵਿਅਕਤੀ ਦੇ ਕਬਜ਼ੇ 'ਚੋਂ 2 ਕਿੱਲੋ 76 ਗ੍ਰਾਮ ਹੈਰੋਇਨ ਬਰਾਮਦ ਕਰਕੇ ਐਂਟੀ ਨਾਰਕੋਟਿਕ ਟਾਸਕ ਫੋਰਸ (ਏ.ਐਨ.ਟੀ.ਐਫ਼.) ਦੀ ਟੀਮ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਨਿਸ਼ਾਨ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਪਿੰਡ ਨੋਸ਼ਹਿਰਾ ਡੱਲਾ, ਭਿੱਖੀਵਿੰਡ, ਤਰਨਤਾਰਨ ਵਜੋਂ ਦੱਸੀ ਗਈ ਹੈ | ਸਹਾਇਕ ਇੰਸਪੈਕਟਰ ਜਨਰਲ ਪੁਲਿਸ ਏ.ਐਨ.ਟੀ.ਐਫ਼. ਜਲੰਧਰ ਰੇਂਜ ਜਗਜੀਤ ਸਿੰਘ ਸਰੋਆ ਨੇ ਜਾਣਕਾਰੀ ਦਿੱਤੀ ਕਿ ਡੀ.ਐਸ.ਪੀ. ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਐੱਸ.ਆਈ. ਅੰਮਿ੍ਤਪਾਲ ਸਿੰਘ ਦੀ ਟੀਮ ਨੇ ਅਟਾਰੀ ਦਾਣਾ ਮੰਡੀ ਗੇਟ, ਜੀ.ਟੀ. ਰੋਡ, ਅੰਮਿ੍ਤਸਰ ਨੇੜੇ ਕਾਰਵਾਈ ਕਰਦੇ ਹੋਏ ਮੋਟਰਸਾਈਕਲ 'ਤੇ ਜਾ ਰਹੇ ਨਿਸ਼ਾਨ ਸਿੰਘ ਦੇ ਕਬਜ਼ੇ 'ਚੋਂ ਹੈਰੋਇਨ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕੀਤਾ ਹੈ | ਮੁੱਢਲੀ ਤਫ਼ਤੀਸ਼ ਦੌਰਾਨ ਮੁਲਾਜ਼ਮ ਨੇ ਦੱਸਿਆ ਕਿ ਉਹ ਸ਼ੈਲਰ 'ਚ ਕੰਮ ਕਰਦਾ ਹੈ ਅਤੇ ਮਾੜੀ ਸੰਗਤ 'ਚ ਪੈਣ ਕਰਕੇ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਦਾ ਨਸ਼ਾ ਕਰਨ ਲੱਗਾ | ਵਾਧੂ ਕਮਾਈ ਦੇ ਲਾਲਚ 'ਚ ਉਹ ਹੈਰੋਇਨ ਸਪਲਾਈ ਕਰਨ ਦਾ ਧੰਦਾ ਕਰਨ ਲੱਗਾ | ਏ.ਆਈ.ਜੀ. ਸਰੋਆ ਨੇ ਦੱਸਿਆ ਕਿ ਮੁਲਜ਼ਮ ਤੋਂ ਉਸ ਦੇ ਹੋਰ ਸਾਥੀਆਂ ਦਾ ਪਤਾ ਲਗਾਉਣ ਲਈ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |