ਜਲੰਧਰ, 2 ਸਤੰਬਰ (ਐੱਮ. ਐੱਸ. ਲੋਹੀਆ)ਤੇਜ਼ੀ ਨਾਲ ਡਾਕਟਰੀ ਪ੍ਰਤੀਕਿਰਿਆ ਨੂੰ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਪ੍ਰਭਾਵਿਤ ਖੇਤਰਾਂ 'ਚ ਐਂਬੂਲੈਂਸਾਂ ਰਵਾਨਾ ਕੀਤੀਆਂ ਗਈਆਂ, ਜਿਨ੍ਹਾਂ ਨੂੰ ਸਿਵਲ ਸਰਜਨ (ਕਾਰਜਕਾਰੀ) ਡਾ. ਰਮਨ ਗੁਪਤਾ ਅਤੇ ਮੈਡੀਕਲ ਸੁਪਰਡੈਂਟ ਈ.ਐੱਸ.ਆਈ. ਡਾ. ਵੰਦਨਾ ਧੀਰ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਡਾ. ਰਮਨ ਗੁਪਤਾ ਨੇ ਜਾਣਕਾਰੀ ਦਿੱਤੀ ਕਿ ਇਹ ਸਾਰੀਆਂ ਐਂਬੂਲੈਂਸਾਂ ਮੈਡੀਕਲ ਸਹਾਇਤਾ ਨਾਲ ਪੂਰੀ ਤਰ੍ਹਾਂ ਲੈਸ ਹਨ | ਡਾ. ਰਮਨ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਵਲੋਂ ਜ਼ਿਲ੍ਹੇ 'ਚ ਹੜ੍ਹ ਵਰਗੀ ਸਥਿਤੀ 'ਚ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਇਸ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੇ ਸਮੂਹ ਐੱਸ.ਐੱਮ.ਓਜ਼ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਐਮਰਜੈਂਸੀ ਰੈਪਿਡ ਰਿਸਪਾਂਸ ਟੀਮਾਂ ਅਤੇ ਮੋਬਾਈਲ ਮੈਡੀਕਲ ਟੀਮਾਂ, ਜ਼ਰੂਰੀ ਦਵਾਈਆਂ ਨਾਲ ਪੂਰੀ ਤਰ੍ਹਾਂ ਲੈਸ, ਹੜ੍ਹ ਪ੍ਰਭਾਵਿਤ ਖੇਤਰਾਂ 'ਚ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਜੋ ਨਿਰਵਿਘਨ ਇਲਾਜ ਨੂੰ ਯਕੀਨੀ ਬਣਾਇਆ ਜਾ ਸਕੇ | ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਮੈਡੀਕਲ ਕੈਂਪ ਲਗਾਏ ਜਾਣ ਦੀ ਵੀ ਹਦਾਇਤ ਕੀਤੀ ਗਈ ਹੈ ਤਾਂ ਜੋ ਨਿਰਵਿਘਨ ਇਲਾਜ ਨੂੰ ਯਕੀਨੀ ਬਣਾਇਆ ਜਾ ਸਕੇ | ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ, ਐੱਸ.ਐੱਮ.ਓ. ਡਾ. ਨਮਿਤਾ ਘਈ, ਅੱਖਾਂ ਦੇ ਮਾਹਿਰ ਡਾ. ਅਰੁਣ ਵਰਮਾ, ਐਮ.ਓ. ਡਾ. ਅਭਿਰਾਜ ਸਿੰਘ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ ਅਤੇ ਨਰਸਿੰਗ ਸਟਾਫ਼ ਮੌਜੂਦ ਸਨ |