ਜਲੰਧਰ ਛਾਉਣੀ, 2 ਸਤੰਬਰ (ਪਵਨ ਖਰਬੰਦਾ)-ਕੇਂਦਰੀ ਹਲਕੇ ਦੇ ਅਧੀਨ ਆਉਂਦੀ ਰਾਮਾ ਮੰਡੀ ਮਾਰਕੀਟ ਦੀ ਮੁੱਖ ਸੜਕ ਕਾਫ਼ੀ ਥਾਵਾਂ ਤੋਂ ਟੁੱਟ ਚੁੱਕੀ ਹੈ ਤੇ ਇਸ ਟੁੱਟੀ ਸੜਕ ਕਾਰਨ ਰੋਜ਼ਾਨਾਂ ਹੀ ਸੜਕੀ ਹਾਦਸੇ ਹੋਣ ਦਾ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ ਤੇ ਪ੍ਰਸ਼ਾਨਿਸਕ ਅਧਿਕਾਰੀਆਂ ਅਤੇ ਨਿਗਮ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਟੁੱਟੀ ਹੋਈ ਸੜਕ ਨੂੰ ਪਹਿਲ ਦੇ ਆਧਾਰ 'ਤੇ ਠੀਕ ਕਰਵਾਉਣ ਤਾਂ ਜੋ ਕੋਈ ਵੀ ਵੱਡਾ ਹਾਦਸਾ ਹੋਣ ਤੋਂ ਰੋਕਿਆ ਜਾ ਸਕੇ | ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਅਤੇ ਰਾਮਾ ਮੰਡੀ ਕੱਪੜਾ ਅਤੇ ਸੁਨਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਿੰਦਰ ਸਿੰਘ ਭਾਟੀਆ ਨੇ ਕਰਦੇ ਹੋਏ ਕਿਹਾ ਕਿ ਇਸ ਮੁੱਖ ਸੜਕ ਤੋਂ ਅਕਸਰ ਹੀ ਗੈਸ ਸਿਲੰਡਰਾਂ ਅਤੇ ਗੈਸ ਨਾਲ ਭਰੇ ਹੋਏ ਟਰੱਕ ਤੇ ਟੈਂਕਰ ਆਦਿ ਰੋਜ਼ਾਨਾਂ ਨਿਕਲਦੇ ਹਨ ਤੇ ਇਸ ਮਾਰਗ ਦੀ ਟੁੱਟੀ ਸੜਕ ਕਾਰਨ ਹੁਣ ਇਸ 'ਚ ਵੱਡੇ ਵੱਡੇ ਖੱਡੇ ਹੋ ਗਏ ਹਨ ਤੇ ਇੰਨ੍ਹਾਂ ਖੱਡਿਆਂ ਕਾਰਨ ਗੈਸ ਅਤੇ ਗੈਸ ਸਿਲੰਡਰਾਂ ਨਾਲ ਭਰੇ ਹੋਏ ਟਰੱਕਾਂ ਕਾਰਨ ਕੋਈ ਵੱਡਾ ਹਾਦਸਾ ਹੋ ਸਕਦਾ ਹੈ | ਪ੍ਰਧਾਨ ਗੁਰਿੰਦਰ ਸਿੰਘ ਭਾਟੀਆ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਹਾ ਕਿ ਰੋਜ਼ਾਨਾਂ ਵੱਧ ਰਹੀ ਇਸ ਸਮੱਸਿਆ ਦਾ ਪਹਿਲ ਦੇ ਆਧਾਰ 'ਤੇ ਕੋਈ ਹੱਲ੍ਹ ਕੀਤਾ ਜਾਵੇ ਨਹੀਂ ਤਾਂ ਜੇਕਰ ਕੋਈ ਹਾਦਸਾ ਵਾਪਰ ਗਿਆ ਤਾਂ ਉਸ ਦੀ ਜ਼ਿੰਮੇਵਾਰੀ ਪ੍ਰਸ਼ਾਸਨਿਕ ਤੇ ਨਿਗਮ ਅਧਿਕਾਰੀਆਂ ਦੀ ਹੋਵੇਗੀ |