ਜਲੰਧਰ ਛਾਉਣੀ, 2 ਸਤੰਬਰ (ਪਵਨ ਖਰਬੰਦਾ)-ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਅੱਜ ਪਿੰਡ ਧੰਨੋਵਾਲੀ ਅਤੇ ਸ਼ਹਿਰ ਦੇ ਹੋਰ ਥਾਵਾਂ ਦਾ ਦੌਰਾ ਕੀਤਾ | ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ ਬਰਸਾਤੀ ਮੌਸਮ ਨੂੰ ਦੇਖਦਿਆਂ ਕੋਈ ਪੁਖ਼ਤਾਂ ਪ੍ਰਬੰਧ ਨਹੀ ਕੀਤੇ, ਜਿਸ ਤਰ੍ਹਾਂ ਨਾਲ ਪੰਜਾਬ ਸਰਕਾਰ ਦੀ ਲਾਪ੍ਰਵਾਹੀ ਨਾਲ ਪਿੰਡਾਂ ਦਾ ਭਾਰੀ ਨੁਕਸਾਨ ਹੋਇਆ ਉਸੇ ਤਰਾਂ ਨਗਰ ਨਿਗਮ ਦੀ ਲਾਪ੍ਰਵਾਹੀ ਨਾਲ ਸ਼ਹਿਰ ਵਿੱਚ ਲੋਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ | ਕਈ ਥਾਵਾਂ 'ਤੇ ਦੁਕਾਨਾਂ ਦੀਆਂ ਬੇਸਮੈਂਟਾਂ ਵਿੱਚ ਪਾਣੀ ਚਲਾ ਗਿਆ ਤੇ ਕਈ ਜਗਾ 'ਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਚਲਾ ਗਿਆ | ਕਈ ਥਾਵਾਂ 'ਤੇ ਲੋਕਾਂ ਦੀਆਂ ਗੱਡੀਆ ਪਲਟ ਗਈਆਂ | ਇਹ ਸਭ ਨਗਰ ਨਿਗਮ ਦੀ ਲਾਪਰਵਾਹੀ ਕਾਰਨ ਹੀ ਹੋਇਆ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਬਰਸਾਤੀ ਮੌਸਮ ਤੋ ਪਹਿਲਾਂ ਚੰਗੀ ਤਰ੍ਹਾਂ ਨਾਲ ਸੁਪਰ ਸੈਕਸ਼ਨ ਮਸ਼ੀਨਾਂ ਨਾਲ ਸਫ਼ਾਈ ਨਹੀ ਕਰਵਾਈ | ਉਨ੍ਹਾਂ ਕਿਹਾ ਕਿ ਨਿਗਮ ਕਮਿਸ਼ਨਰ ਅਤੇ ਨਿਗਮ ਮੇਅਰ ਨੂੰ ਜਲੰਧਰ ਦੇ ਇੰਨਾਂ ਮਾੜੇ ਹਲਾਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ | ਇਸ ਮੌਕੇ 'ਤੇ ਉਨਾਂ ਦੇ ਨਾਲ ਸਾਬਕਾ ਕੌਂਸਲਰ ਮਨਦੀਪ ਕੁਮਾਰ ਜੱਸਲ , ਮੰਗਾ ਸਿੰਘ ਮੁੱਧੜ ਤੇ ਮਨੋਜ ਕੁਮਾਰ ਆਦਿ ਮੌਜੂਦ ਸਨ |