ਜਲੰਧਰ, 2 ਸਤੰਬਰ (ਜਸਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਆਗੂਆਂ ਵਲੋਂ ਅਸ਼ੋਕ ਸਰੀਨ ਹਿੱਕੀ ਜਨਰਲ ਸਕੱਤਰ ਜਲੰਧਰ ਛਾਉਣੀ ਹਲਕੇ ਦੀ ਅਗਵਾਈ ਹੇਠ ਹਲਕੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਪੀੜਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਜਪਾ ਆਗੂ ਜੌਰਜ ਸਾਗਰ ਨੇ ਦੱਸਿਆ ਕਿ ਹਿੱਕੀ ਦੀ ਅਗਵਾਈ ਹੇਠ ਭਾਜਪਾ ਆਗੂਆਂ ਵਲੋਂ ਅੱਜ ਪਿੰਡ ਬੰਬੀਆਂਵਾਲ, ਭੋਡੇ ਸਪਰਾਏ, ਸੋਫੀ ਪਿੰਡ, ਚੰਨਣਪੁਰ, ਜੰਡਿਆਲਾ, ਜਮਸ਼ੇਰ, ਹਮੀਰੀ ਖੇੜਾ, ਲਖਨਪਾਲ, ਧਨੀ ਪਿੰਡ ਤੇ ਹੋਰਨਾਂ ਖੇਤਰਾਂ ਦਾ ਦੌਰਾ ਕਰਕੇ ਹੜ੍ਹ ਪ੍ਰਭਾਵਿਤ ਲੋਕਾਂ ਦਾ ਹਾਲ ਜਾਣਿਆ ਤੇ ਉਨ੍ਹਾਂ ਨੂੰ ਰਾਸ਼ਨ ਸਮੱਗਰੀ ਦਿੱਤੀ | ਇਸ ਮੌਕੇ ਅਸ਼ੋਕ ਸਰੀਨ ਹਿੱਕੀ ਤੇ ਜੌਰਜ ਸਾਗਰ ਨੇ ਕਿਹਾ ਕਿ ਹੜ੍ਹਾਂ ਕਾਰਨ ਜਿੱਥੇ ਕਿਸਾਨਾਂ ਦੀ ਵੱਡੀ ਪੱਧਰ 'ਤੇ ਫਸਲ ਖਰਾਬ ਹੋ ਗਈ ਹੈ, ਉੱਥੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਵੀ ਚੋ ਰਹੀਆਂ ਹਨ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਘੜੀ 'ਚ ਭਾਜਪਾ ਪੀੜਤ ਪਰਿਵਾਰਾਂ ਦੇ ਨਾਲ ਡੱਟ ਕੇ ਖੜ੍ਹੀ ਹੈ | ਇਸ ਮੌਕੇ ਉਨ੍ਹਾਂ ਹਲਕੇ ਦੇ ਵਿਧਾਇਕ 'ਤੇ ਵੀ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਿਛਲੇ 15 ਸਾਲਾਂ 'ਚ ਹਲਕੇ ਅੰਦਰ ਕੋਈ ਵੀ ਵਿਕਾਸ ਦਾ ਕੰਮ ਨਹੀਂ ਹੋਇਆ ਤੇ ਲੋਕਾਂ ਅਨੇਕਾਂ ਮੁਸ਼ਕਿਲਾਂ 'ਚ ਘਿਰੇ ਹੋਏ ਹਨ | ਟੁੱਟੀਆਂ ਸੜਕਾਂ, ਗਰੀਬੀ ਤੇ ਹੋਰ ਅਨੇਕਾਂ ਮੁੱਦੇ ਹਲਕੇ ਦੇ ਪੱਛੜੇਪਨ ਦੀ ਤਸਵੀਰ ਪੇਸ਼ ਕਰਦੇ ਹਨ | ਉਨ੍ਹਾਂ ਕਿਹਾ ਕਿ ਹਲਕੇ ਦਾ ਵਿਧਾਇਕ ਤੇ ਹਲਕਾ ਇੰਚਾਰਜ ਦੋਵੇੇਂ ਫੋਟੋ ਸੈਸ਼ਨ ਦੀ ਰਾਜਨੀਤੀ ਕਰ ਰਹੇ ਹਨ, ਜੋ ਕਿ ਬਹੁਤ ਹੀ ਮੰਦਭਾਗੀ ਹੈ |