ਸ਼ਾਹਕੋਟ/ਮਲਸੀਆਂ, 2 ਸਤੰਬਰ (ਸੁਖਦੀਪ ਸਿੰਘ)-ਪੰਜਾਬ ਸਰਕਾਰ ਵਲੋਂ ਜਿੱਥੇ ਭਾਰੀ ਮੀਂਹ ਅਤੇ ਹੜ੍ਹਾਂ ਦੀ ਸਥਿਤੀ ਨੂੰ ਦੇਖਦਿਆਂ ਸਾਰੇ ਸਰਕਾਰੀ, ਏਡਿਡ ਤੇ ਪ੍ਰਾਈਵੇਟ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਕੁੱਝ ਦਿਨ ਬੰਦ ਰੱਖ ਕੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਛੁੱਟੀਆਂ ਕੀਤੀਆਂ ਗਈਆਂ ਹਨ, ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਜ਼ਿਲ੍ਹਾ ਜਲੰਧਰ ਦੇ ਕਈ ਨਿੱਜੀ ਸਕੂਲਾਂ ਵਲੋਂ ਸਟਾਫ਼ ਨੂੰ ਭਾਰੀ ਮੀਂਹ ਦੇ ਬਾਵਜੂਦ ਡਰਾ-ਧਮਕਾ ਕੇ ਸਕੂਲ ਬੁਲਾਇਆ ਜਾ ਰਿਹਾ ਹੈ | ਜਿਸ ਕਰਕੇ ਸੜਕਾਂ 'ਤੇ ਭਰੇ ਪਾਣੀ ਵਿਚੋਂ ਦੀ ਹੁੰਦੇ ਹੋਏ ਮੀਂਹ ਵਿਚ ਭਿਜ ਕੇ ਅਤੇ ਜਾਨ ਜੋਖਮ ਵਿਚ ਪਾ ਕੇ ਨਿੱਜੀ ਸੰਸਥਾਵਾਂ ਦਾ ਸਟਾਫ਼ ਸਕੂਲ ਪਹੁੰਚ ਰਿਹਾ ਹੈ | ਪਤਾ ਲੱਗਾ ਹੈ ਕਿ ਕਈ ਨਿੱਜੀ ਸੰਸਥਾਵਾਂ ਦੇ ਪ੍ਰਬੰਧਕਾਂ ਵਲੋਂ ਸਟਾਫ਼ ਨੂੰ ਸਕੂਲ ਬੁਲਾ ਕੇ ਆਨਲਾਈਨ ਕਲਾਸਾਂ ਲਗਵਾਈਆਂ ਜਾ ਰਹੀਆਂ ਹਨ | ਸਭ ਤੋਂ ਵੱਧ ਮਾਰ ਹੇਠਲੇ ਦਰਜੇ ਦੇ ਕਰਮਚਾਰੀਆਂ ਨੂੰ ਪੈ ਰਹੀ ਹੈ, ਜੋ ਕਿ ਪਹਿਲਾਂ ਹੀ ਥੋੜ੍ਹੀਆਂ ਤਨਖ਼ਾਹਾਂ 'ਤੇ ਗੁਜ਼ਾਰਾ ਕਰ ਰਹੇ ਹਨ ਅਤੇ ਪਿੰਡਾਂ ਵਿਚ ਪਾਣੀ ਭਰਨ ਦੇ ਬਾਵਜੂਦ ਬੜੀ ਮੁਸ਼ਕਲ ਨਾਲ ਆਪਣੇ ਕੰਮਾਂ 'ਤੇ ਪਹੁੰਚ ਰਹੇ ਹਨ | ਗ਼ਰੀਬੀ ਹੇਠਾਂ ਦੱਬੇ ਸੇਵਾਦਾਰ, ਸਫ਼ਾਈ-ਸੇਵਕ ਆਦਿ ਦੇ ਘਰਾਂ ਦੀਆਂ ਛੱਤਾਂ ਤੱਕ ਚੌ ਰਹੀਆਂ ਹਨ ਤੇ ਉਨ੍ਹਾਂ ਦੇ ਘਰਾਂ 'ਚ ਪਾਣੀ ਭਰ ਰਿਹਾ ਹੈ | ਕਈਆਂ ਕੋਲ ਆਉਣ-ਜਾਣ ਦੇ ਸਾਧਨ ਵੀ ਨਹੀਂ ਹਨ | ਨਿੱਜੀ ਸੰਸਥਾਵਾਂ 'ਚ ਕੰਮ ਕਰਦੇ ਕਈ ਮੁਲਾਜ਼ਮਾਂ ਨੇ ਆਪਣਾ ਨਾਮ ਨਾ ਛਾਪਣ ਦੀ ਅਪੀਲ ਕਰਦਿਆਂ ਦੱਸਿਆ ਕਿ ਜੇਕਰ ਭਾਰੀ ਮੀਂਹ 'ਚ ਉਨ੍ਹਾਂ ਨੂੰ ਅਚਾਨਕ ਛੁੱਟੀ ਵੀ ਕਰਨੀ ਪੈ ਜਾਵੇ ਤਾਂ ਉਨ੍ਹਾਂ ਦੀ ਇੱਕ ਦਿਨ ਦੀ ਬਜਾਏ ਦੋ ਦਿਨ ਦੀ ਤਨਖ਼ਾਹ ਕੱਟਣ ਦੀ ਧਮਕੀ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨਾਲ ਹੋ ਰਹੀ ਇਸ ਧੱਕੇਸ਼ਾਹੀ ਪ੍ਰਤੀ ਜ਼ਿਲ੍ਹਾ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ, ਜਦਕਿ ਸਰਕਾਰ ਵਲੋਂ ਸਖ਼ਤ ਹੁਕਮ ਜਾਰੀ ਹੋਏ ਹਨ | ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜ਼ਿਲ੍ਹਾ ਜਲੰਧਰ ਦੀਆਂ ਨਿੱਜੀ ਸੰਸਥਾਵਾਂ ਦੀ ਜਾਂਚ ਕਰਵਾ ਕੇ ਧੱਕੇਸ਼ਾਹੀ ਕਰਨ ਵਾਲੇ ਸਕੂਲਾਂ ਵਿਰੁੱਧ ਕਾਰਵਾਈ ਕੀਤੀ ਜਾਵੇ |