ਜਲੰਧਰ, 4 ਸਤੰਬਰ (ਸ਼ਿਵ)-ਬਾਬਾ ਸੋਢਲ ਮੇਲੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਇਸ ਵਾਰ ਵੀ ਰਾਮ ਨਗਰ ਫਾਟਕ 9 ਸਤੰਬਰ ਤੱਕ ਬੰਦ ਰੱਖਣ ਦੇ ਵਿਰੋਧ ਵਿਚ ਇਲਾਕਾ ਵਾਸੀਆਂ ਵਲੋਂ ਅੱਜ ਫਾਟਕ 'ਤੇ ਧਰਨਾ ਲਗਾਇਆ ਗਿਆ | ਲੋਕਾਂ ਦਾ ਕਹਿਣਾ ਸੀ ਕਿ ਇੱਕ ਪਾਸੇ ਤਾਂ ਗਾਜੀਗੁੱਲਾ ਗੰਦੇ ਪਾਣੀ ਵਿਚ ਡੁੱਬਿਆ ਹੋਇਆ ਹੈ ਤੇ ਦੂਜੇ ਪਾਸੇ ਰੇਲ ਵਿਭਾਗ ਵਲੋਂ ਮੇਲੇ ਨੂੰ ਦੇਖਦੇ ਹੋਏ ਇਸ ਫਾਟਕ ਨੂੰ 5 ਦਿਨ ਲਈ ਬੰਦ ਕਰ ਦਿੱਤਾ ਜਾਵੇਗਾ ਤਾਂ ਉਹ ਤਾਂ ਸ਼ਹਿਰ ਤੋਂ ਪੂਰੀ ਤਰਾਂ ਨਾਲ ਕੱਟੇ ਜਾਣਗੇ ਕਿਉਂਕਿ ਉਨਾਂ ਦਾ ਦੂਜੇ ਪਾਸੇ ਜਾਣ ਲਈ ਕੋਈ ਲਾਂਘਾ ਨਹੀਂ ਰਹੇਗਾ | ਲੋਕਾਂ ਨੇ ਇਸ ਮੌਕੇ ਆਪਣੀ ਫਾਟਕ ਖੋਲ੍ਹਣ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ | ਲੋਕਾਂ ਵੱਲੋਂ ਲਗਾਏ ਗਏ ਧਰਨੇ ਬਾਰੇ ਭਾਜਪਾ ਆਗੂ ਅਸ਼ਵਨੀ ਵਿਰਦੀ ਨੇ ਇਸ ਦੀ ਜਾਣਕਾਰੀ ਉੱਤਰੀ ਹਲਕੇ ਦੇ ਸਾਬਕਾ ਭਾਜਪਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ ਨੂੰ ਦਿੱਤੀ ਜਿਹੜੇ ਕਿ ਮੌਕੇ 'ਤੇ ਪੁੱਜੇ | ਉਨਾਂ ਨੇ ਨੇ ਰੇਲ ਸੁਪਰਡੈਂਟ ਨਾਲ ਗੱਲ ਕਰਨ ਤੋਂ ਇਲਾਵਾ ਜੀ.ਆਰ.ਪੀ. ਅਧਿਕਾਰੀਆਂ ਨਾਲ ਗੱਲਬਾਤ ਕੀਤੀ ਕਿ ਇੱਕ ਪਾਸੇ ਗਾਜੀਗੁੱਲਾ ਗੰਦੇ ਪਾਣੀ ਵਿਚ ਡੁੱਬਿਆ ਹੈ ਤੇ ਇਲਾਕੇ ਵਿਚ ਕਈ ਲੋਕ ਬਿਮਾਰ ਹਨ ਤਾਂ ਜੇਕਰ ਫਾਟਕ 5 ਦਿਨ ਲਈ ਬੰਦ ਹੋ ਜਾਵੇਗਾ ਤਾਂ ਲੋਕ ਆਿਖ਼ਰ ਕਿਸ ਤਰਾਂ ਨਾਲ ਇਲਾਜ ਕਰਵਾਉਣ ਲਈ ਜਾਣਗੇ | ਸ੍ਰੀ ਭੰਡਾਰੀ ਦਾ ਕਹਿਣਾ ਸੀ ਕਿ ਹਰ ਸਾਲ ਇਸ ਫਾਟਕ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਲੋਕਾਂ ਲਈ ਪੇ੍ਰਸ਼ਾਨੀ ਵਧ ਜਾਂਦੀ ਹੈ | ਉਨਾਂ ਨੇ ਰੇਲ ਅਧਿਕਾਰੀਆਂ ਨੂੰ ਕਿਹਾ ਕਿ ਉਹ ਫਾਟਕ ਨੂੰ 5 ਦਿਨ ਲਈ ਬੰਦ ਨਾ ਕਰਨ ਸਗੋਂ ਉਹ ਗੱਡੀਆਂ ਦੀ ਗਤੀ ਹੌਲੀ ਕਰਨ ਤੋਂ ਇਲਾਵਾ ਫਾਟਕ 'ਤੇ ਜੀ.ਆਰ.ਪੀ. ਮੁਲਾਜ਼ਮਾਂ ਦੀ ਤੈਨਾਤੀ ਕਰਵਾ ਦੇਣ | ਬਾਅਦ ਵਿਚ ਰੇਲ ਅਧਿਕਾਰੀ ਫਾਟਕ ਨੂੰ ਪੱਕੇ ਤੌਰ 'ਤੇ 5 ਦਿਨ ਲਈ ਬੰਦ ਕਰਨ ਦਾ ਫ਼ੈਸਲਾ ਵਾਪਸ ਲੈਣ ਲਈ ਮੰਨ ਸਗੋਂ ਉਨਾਂ ਭੰਡਾਰੀ ਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਫਾਟਕ ਆਮ ਗੱਡੀਆਂ ਲੰਘਣ ਵੇਲੇ ਹੀ ਬੰਦ ਹੋਵੇਗਾ ਸਗੋਂ 9 ਸਤੰਬਰ ਤੱਕ ਇਸ ਨੂੰ ਬੰਦ ਨਹੀਂ ਕੀਤਾ ਜਾਵੇਗਾ |