ਸੱਪ ਦੇ ਡੰਗਣ ਤੋਂ ਬਾਅਦ ਗੰਭੀਰ ਹੋਈ ਲੜਕੀ ਦਾ ਇਲਾਜ ਕਰਕੇ ਬਚਾਈ ਜਾਨ
ਅਜੀਤ ਡੈਸਕ
06-09-2025
ਜਲੰਧਰ, 5 ਸਤੰਬਰ (ਐੱਮ. ਐੱਸ. ਲੋਹੀਆ)-ਸੱਪ ਦੇ ਡੰਗਣ ਤੋਂ ਬਾਅਦ ਲਿੰਕ ਰੋਡ 'ਤੇ ਚੱਲ ਰਹੇ ਡਾ. ਸ਼ਿੰਗਾਰਾ ਸਿੰਘ ਹਸਪਤਾਲ ਵਿਖੇ ਗੰਭੀਰ ਹਾਲਤ 'ਚ ਲਿਆਂਦੀ 17 ਸਾਲਾਂ ਦੀ ਲੜਕੀ ਨੂੰ ਮਿਆਰੀ ਇਲਾਜ ਮੁਹੱਈਆ ਕਰਵਾ ਕੇ ਉਸ ਦੀ ਜਾਨ ਨੂੰ ਬਣਿਆ ਖ਼ਤਾਰ ਟਾਲ ਦਿੱਤਾ ਗਿਆ, ਜਿਸ ਨਾਲ ਲੜਕੀ ਨੂੰ ਨਵਾਂ ਜੀਵਨ ਮਿਲਿਆ ਹੈ | ਹਸਪਤਾਲ ਦੇ ਪ੍ਰਬੰਧਕ ਡਾ. ਜੇ.ਪੀ. ਸਿੰਘ ਨੇ ਜਾਣਕਾਰੀ ਦਿੱਤੀ ਕਿ ਸੁਲਾਤਨ ਪੁਰ ਲੋਧੀ ਦੇ ਪਿੰਡ ਸ਼ਾਹਵਾਲਾ ਵਿਖੇ ਹੜ੍ਹਾ ਕਰਕੇ ਘਰਾਂ ਅੰਦਰ 5-7 ਫੁੱਟ ਤੱਕ ਪਾਣੀ ਆ ਗਿਆ ਸੀ, ਜਿਸ ਕਰਕੇ ਲੋਕ ਘਰਾਂ ਦੀਆਂ ਛੱਤਾਂ 'ਤੇ ਰਾਤਾਂ ਗੁਜ਼ਾਰਨ ਨੂੰ ਮਜਬੂਰ ਹੋ ਗਏ | ਇਨ੍ਹਾਂ ਲੋਕਾਂ 'ਚੋਂ ਜੁਗਿੰਦਰ ਚੌਧਰੀ ਦਾ ਵੀ ਇਕ ਪਰਿਵਾਰ ਸੀ, ਜਿਸ ਦੀ ਧੀ ਮੇਹਰ ਕੁਮਾਰੀ ਜਦੋਂ ਛੱਤ 'ਤੇ ਸੁੱਤੀ ਹੋਈ ਸੀ, ਤਾਂ ਉਸ ਨੂੰ ਇਕ ਜ਼ਹਿਰੀਲੇ ਸੱਪ ਨੇ ਕੱਟ ਲਿਆ |
ਪਰਿਵਾਰ ਵਲੋਂ ਲੜਕੀ ਨੂੰ ਪਹਿਲਾਂ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਲਗਾਤਾਰ ਵਿਗੜਦੀ ਰਹੀ, ਆਖਿਰ ਲੜਕੀ ਨੂੰ 2 ਸੰਤਬਰ ਨੂੰ ਸਵੇਰੇ ਕਰੀਬ 10.30 ਵਜੇ ਗੰਭੀਰ ਹਾਲਤ 'ਚ ਉਨ੍ਹਾਂ ਦੇ ਹਸਪਤਾਲ ਪਹੁੰਚਾਇਆ ਗਿਆ | ਡਾ. ਜੇ.ਪੀ. ਸਿੰਘ ਨੇ ਦੱਸਿਆ ਕਿ ਹਸਪਤਾਲ 'ਚ ਉਨ੍ਹਾਂ ਦੇ ਨਾਲ ਡਾ. ਮਿਨਾਕਸ਼ੀ, ਡਾ. ਕੇ.ਐਸ. ਬਾਵਾ, ਡਾ. ਨਿਤਿਨ ਗੁਪਤਾ, ਡਾ. ਗੁਰਪ੍ਰੀਤ ਕੌਰ ਅਤੇ ਪੈਰਾ ਮੈਡੀਕਲ ਸਟਾਫ਼ ਨੇ ਦਿਨ ਰਾਤ ਲੜਕੀ ਨੂੰ ਮਿਆਰੀ ਇਲਾਜ ਦਿੱਤਾ | ਇਸ ਦੌਰਾਨ ਲੜਕੀ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਅਤੇ ਸੱਪ ਦੇ ਡੰਗਣ ਦੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਟੀਕੇ ਲਗਾਏ ਗਏ, ਆਖਿਰ ਹਸਪਤਾਲ ਦੀ ਟੀਮ ਨੂੰ ਕਾਮਯਾਬੀ ਮਿਲੀ ਅਤੇ ਅੱਜ ਲਡਕੀ ਦੇ ਸਿਹਤਯਾਬ ਹੋਣ 'ਤੇ ਉਸ ਨੂੰ ਛੁੱਟੀ ਕਰ ਦਿੱਤੀ ਗਈ ਹੈ |