ਗੁਰਾਇਆ, 21 ਸਤੰਬਰ (ਚਰਨਜੀਤ ਸਿੰਘ ਦੁਸਾਂਝ)-ਸ੍ਰੀ ਸ਼੍ਰੀ 1008 ਮਹੰਤ ਵਾਸੁਦੇਵ ਦਾਸ ਬਿਆਸ ਦੀ ਸਰਪ੍ਰਸਤੀ 'ਚ ਦੁਸਹਿਰਾ ਉਤਸਵ ਅਤੇ ਸ੍ਰੀ ਰਾਮ ਲੀਲ੍ਹਾ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਪ੍ਰਮੋਦ ਕੌਸ਼ਲ ਨੇ ਦੱਸਿਆ ਕਿ ਰਾਮ ਮੰਦਰ ਰਿਸ਼ੀ ਕੁਟੀਆ ਰਾਮਲੀਲ੍ਹਾ-ਦੁਸਹਿਰਾ ਕਮੇਟੀ ਗੁਰਾਇਆ ਵਲੋਂ ਮਹੰਤ ਵਾਸੁਦੇਵ ਦਾਸ ਬਿਆਸ ਦੀ ਸਰਪ੍ਰਸਤੀ 'ਚ 2 ਅਕਤੂਬਰ ਨੂੰ ਗੁਰਾਇਆ ਦੀ ਦਾਣਾ ਮੰਡੀ 'ਚ ਦੁਸਹਿਰਾ ਉਤਸਵ ਮਨਾਇਆ ਜਾਵੇਗਾ | ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧ ਵਿੱਚ ਪਹਿਲੇ ਨਰਾਤੇ ਦੇ ਪਵਿੱਤਰ ਮੌਕੇ 'ਤੇ 22 ਸਤੰਬਰ, ਸੋਮਵਾਰ ਨੂੰ ਰਾਮ ਮੰਦਰ ਰਿਸ਼ੀ ਕੁਟੀਆ ਗੁਰਾਇਆ 'ਚ ਰਾਮਾਇਣ ਦੇ ਪਾਠ ਆਰੰਭ ਕੀਤੇ ਜਾਣਗੇ ਅਤੇ ਰਾਮਲੀਲ੍ਹਾ ਦੀ ਸਟੇਜ ਦਾ ਪੂਜਨ ਹੋਵੇਗਾ ਅਤੇ ਭਗਵਾਨ ਬਾਲਮੀਕਿ ਰਾਮ ਤੀਰਥ ਸ੍ਰੀ ਅੰਮਿ੍ਤਸਰ ਸਾਹਿਬ ਤੋਂ ਪਵਿੱਤਰ ਅਖੰਡ ਜੋਤ ਦੁਪਹਿਰ ਤਿੰਨ ਵਜੇ ਰਾਮ ਮੰਦਰ ਰਿਸ਼ੀ ਰਿਸ਼ੀ ਕੁਟੀਆ ਗੁਰਾਇਆ ਪੁੱਜੇਗੀ | ਉਨ੍ਹਾਂ ਅੱਗੇ ਦੱਸਿਆ ਕਿ 23 ਸਤੰਬਰ, ਮੰਗਲਵਾਰ ਤੋਂ ਰਾਮ ਮੰਦਰ ਰਿਸ਼ੀ ਕੁਟੀਆ 'ਚ ਰਾਮਲੀਲ੍ਹਾ ਦਾ ਆਯੋਜਨ ਸ਼ੁਰੂ ਹੋਵੇਗਾ | ਉਨ੍ਹਾਂ ਨੇ ਦੱਸਿਆ ਕਿ ਸੁੰਦਰਕਾਂਡ ਦੇ ਪਾਠ ਦੀ ਜਾਰੀ ਲੜੀ ਦੇ ਤਹਿਤ ਮੰਗਲਵਾਰ, 23 ਸਤੰਬਰ ਸ਼ਾਮ 4:30 ਵਜੇ ਮੰਦਰ 'ਚ ਸੁੰਦਰਕਾਂਡ ਦਾ ਪਾਠ ਜਤਿੰਦਰ ਗੁਪਤਾ ਦੁਆਰਾ ਕੀਤਾ ਜਾਵੇਗਾ ਅਤੇ ਆਰਤੀ-ਪ੍ਰਸ਼ਾਦ ਤੋਂ ਬਾਅਦ ਰਾਤ 8 ਵਜੇ ਤੋਂ ਰਾਮਲੀਲ੍ਹਾ ਦਾ ਮੰਚਨ ਸ਼ੁਰੂ ਹੋਵੇਗਾ | ਪਹਿਲੀ ਰਾਤ ਨਾਰਦ ਮੋਹ ਦੀ ਹੋਵੇਗੀ ਅਤੇ 30 ਸਤੰਬਰ ਮੰਗਲਵਾਰ ਨੂੰ ਅੰਤਿਮ ਰਾਤ ਲਕਸ਼ਮਣ ਮੂਰਛਾ ਦੀ ਰਹੇਗੀ | ਇਸ ਨਾਲ 1 ਅਕਤੂਬਰ ਨੂੰ ਰਾਮਲੀਲ੍ਹਾ ਦਾ ਮੰਚਨ ਨਹੀਂ ਹੋਵੇਗਾ ਕਿਉਂਕਿ ਉਸ ਦਿਨ ਦਾਨਾ ਮੰਡੀ ਵਿੱਚ ਦੁਰਗਾ ਪੂਜਾ ਦਾ ਆਯੋਜਨ ਹੁੰਦਾ ਹੈ ਜਿਸ ਕਰਕੇ ਹਰ ਸਾਲ ਦੁਸਹਿਰਾ ਉਤਸਵ ਤੋਂ ਇਕ ਸੰਧਿਆ ਪੂਰਵ ਦੀ ਰਾਤ ਨੂੰ ਵਿਸ਼ਰਾਮਿਤ ਕਰ ਦਿੱਤਾ ਜਾਂਦਾ ਹੈ | ਇਸ ਮੌਕੇ ਉਨ੍ਹਾਂ ਨਾਲ ਰਾਮ ਮੰਦਰ ਰਿਸ਼ੀ ਕੁਟੀਆ ਰਾਮਲੀਲਾ-ਦੁਸਹਿਰਾ ਕਮੇਟੀ ਦੇ ਪੂਰਵ ਪ੍ਰਧਾਨ ਅਸ਼ੋਕ ਮਲਹੋਤਰਾ, ਰਾਜਿੰਦਰ ਪ੍ਰਸਾਦ ਗੋਯਲ, ਨਗਰ ਕੌਂਸਲ ਗੁਰਾਇਆ ਦੇ ਪੂਰਵ ਪ੍ਰਧਾਨ ਰਾਮ ਲੁਭਾਇਆ ਪੁੰਜ, ਮਹਿੰਦਰ ਸਿੰਘ, ਆੜ੍ਹਤੀਆ ਐਸੋਸੀਏਸ਼ਨ ਗੁਰਾਇਆ ਦੇ ਪ੍ਰਧਾਨ ਸੁਖਦੇਵ ਛਾਬੜਾ, ਡਾਇਰੈਕਟਰ ਸਤੀਸ਼ ਕੋਰਪਾਲ, ਸਹਿਯੋਗੀ ਡਾਇਰੈਕਟਰ ਬਾਲ ਮਹਿੰਦਰ ਪੱਪੂ, ਵਪਾਰੀ ਨੇਤਾ ਰਾਜਨ ਮੱਕੜ, ਸੁਰਿੰਦਰ ਕਾਲੀਆ ਸ਼ਿੰਦਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ |