ਮਹਿਤਪੁਰ, 26 ਸਤੰਬਰ (ਲਖਵਿੰਦਰ ਸਿੰਘ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਇੱਕ ਵਫਦ ਨੇ ਬੀ.ਡੀ.ਪੀ.ਓ ਮਹਿਤਪੁਰ ਧਾਲੀਵਾਲ ਨੂੰ ਮਿਲ ਕੇ ਮੰਗ ਕੀਤੀ ਕਿ ਬਾਰਿਸ਼ਾਂ ਨਾਲ ਝੰਬੇ ਬੇਰੁਜ਼ਗਾਰ ਮਜ਼ਦੂਰਾਂ ਨੂੰ ਮਨਰੇਗਾ ਕਾਨੂੰਨ ਅਨੁਸਾਰ 100 ਦਿਨ ਦਾ ਕੰਮ ਦੇਣਾ ਯਕੀਨੀ ਬਣਾਇਆ ਜਾਵੇ | ਜਿਨਾਂ ਮਨਰੇਗਾ ਮਜ਼ਦੂਰਾਂ ਦੇ ਪਿਛਲੇ ਬਕਾਏ ਜਾਰੀ ਕੀਤੇ ਗਏ ਹਨ ਉਨ੍ਹਾਂ ਵਿੱਚੋਂ ਵੀ ਕੁਝ ਮਜ਼ਦੂਰਾਂ ਦੇ ਖਾਤਿਆਂ ਵਿੱਚ ਅਜੇ ਤਕ ਤਕਨੀਕੀ ਘਾਟ ਕਾਰਨ ਪੈਸੇ ਖਾਤਿਆਂ ਵਿੱਚ ਨਹੀਂ ਪਹੁੰਚੇ ਉਸ ਨੂੰ ਤੁਰੰਤ ਦੂਰ ਕੀਤਾ ਜਾਵੇ | ਪਿੰਡਾਂ ਵਿੱਚ ਮਨਰੇਗਾ ਦਾ ਕੰਮ ਕਰਵਾਉਣ ਲਈ ਨਿਯੁਕਤ ਕੀਤੀਆਂ ਗਈਆਂ ਮੇਟਾਂ ਨੂੰ ਸਿੱਖਿਤ ਕਾਮਿਆਂ ਵਾਲੀ ਮਨਰੇਗਾ ਕਾਨੂੰਨ ਅਨੁਸਾਰ ਉਜਰਤ ਦਿੱਤੀ ਜਾਵੇ | ਵਫਦ ਨੇ ਇਹ ਮੰਗ ਕੀਤੀ ਕਿ ਜਿਨਾਂ ਖੁਸਤਾ ਹਾਲਤ ਗਾਡਰ ਬਾਲਿਆਂ ਵਾਲੇ ਘਰਾਂ ਦੀਆਂ ਛੱਤਾਂ ਬਾਰਿਸ਼ਾਂ ਕਾਰਨ ਨੁਕਸਾਨੀਆਂ ਗਈਆਂ ਹਨ ਉਹਨਾਂ ਨੂੰ ਸਰਕਾਰ ਵੱਲੋਂ ਐਲਾਨੇ ਮੁਆਵਜੇ ਤੋਂ ਵੀ ਕਿਤੇ ਘੱਟ ਸਿਰਫ 6500 ਖਾਤਿਆਂ ਵਿੱਚ ਭੇਜਿਆ ਜਾ ਰਹੇ ਹਨ | ਬਹੁਤੇ ਪਿੰਡਾਂ ਵਿੱਚ ਤਾਂ ਸਰਵੇਖਣ ਲਈ ਟੀਮਾਂ ਹੀ ਨਹੀਂ ਪਹੁੰਚੀਆਂ ਯੂਨੀਅਨ ਨੇ ਸਰਕਾਰ ਤੇ ਦੋਸ਼ ਲਾਇਆ ਕਿ ਜੇ ਪਿਛਲੇ ਮਹੀਨਿਆਂ ਵਿੱਚ ਬੀ.ਡੀ.ਪੀ.ਓ ਦਫਤਰ ਵੱਲੋਂ ਮਨਰੇਗਾ ਮੁਲਾਜ਼ਮਾਂ ਰਾਹੀਂ ਪ੍ਰਧਾਨ ਮੰਤਰੀ ਆਵਾਜ ਯੋਜਨਾ ਤਹਿਤ ਪੜਤਾਲ ਤੋਂ ਬਾਅਦ ਆਨਲਾਈਨ ਇਸ ਯੋਜਨਾ ਤਹਿਤ ਐਪਲੀਕੇਸ਼ਨ ਭੇਜੀਆਂ ਗਈਆਂ ਸਨ ਉਹਨਾਂ ਨੂੰ ਗ੍ਰਾਂਟ ਜਾਰੀ ਕਰ ਦਿੱਤੀ ਜਾਂਦੀ ਤਾਂ ਬਾਰਿਸ਼ਾਂ ਵਿੱਚ ਲੋਕਾਂ ਨੂੰ ਇਹ ਸੰਤਾਪ ਨਾ ਹੰਢਾਉਣਾ ਪੈਂਦਾ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੇ ਸਰਕਾਰ ਐਲਾਨਿਆ ਮੁਆਵਜਾ ਜੇ ਨਹੀਂ ਦੇ ਸਕਦੀ ਤਾਂ ਘੱਟੋ ਘੱਟ ਪ੍ਰਧਾਨ ਮੰਤਰੀ ਅਵਾਜ ਯੋਜਨਾ ਤਹਿਤ ਲੋੜਵੰਦ ਲੋਕਾਂ ਨੂੰ ਕੇਂਦਰ ਸਰਕਾਰ ਤੋਂ ਗਰਾਂਟ ਦਵਾਈ ਜਾਵੇ | ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਮਨਰੇਗਾ ਦੇ ਬਜਟ ਨੂੰ 98 ਕਰੋੜ ਤੋਂ ਘਟਾ ਕੇ 86 ਕਰੋੜ ਕਰ ਦਿੱਤਾ ਜਿਸ ਜਿਸ ਨਾਲ ਮਜ਼ਦੂਰਾਂ ਦੇ ਕੰਮ ਦਿਨਾਂ ਵਿੱਚ ਭਾਰੀ ਕਟੌਤੀ ਆਈ ਹੈ | ਉੱਥੇ ਪੰਜਾਬ ਸਰਕਾਰ ਮਨਰੇਗਾ ਕਾਨੂੰਨ ਲਾਗੂ ਕਰਨ ਵਿੱਚ ਪੂਰੀ ਤਰ੍ਹਾਂ ਫੇਲ ਸਾਬਤ ਹੋ ਰਹੀ ਇਸ ਕਾਰਨ ਮਹਿਤਪੁਰ ਬਲਾਕ ਵਿੱਚ ਚੰਦ ਪਿੰਡਾਂ ਵਿਚ ਹੀ ਮਨਰੇਗਾ ਦਾ ਕੰਮ ਚੱਲ ਰਿਹਾ | ਉਹਨਾਂ ਵਿੱਚੋਂ ਵੀ ਚੰਦ ਮਜਦੂਰਾਂ ਨੂੰ ਹੀ ਕੰਮ ਮਿਲ ਰਿਹਾ ਹੈ | ਆਉਣ ਵਾਲੇ ਦਿਨਾਂ ਵਿੱਚ ਮਜਦੂਰਾਂ ਨੂੰ ਲਾਮਬੰਦ ਕਰਕੇ ਮਾਰਚ ਕੀਤੇ ਜਾਣਗੇ ਤੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਨੂੰ ਤੇਜ ਕੀਤਾ ਜਾ ਜਾਵੇਗਾ |ਮੰਗ ਪੱਤਰ ਦੇਣ ਵਾਲੇ ਆਗੂਆਂ ਵਿੱਚ ਵਿਜੇ ਬਾਠ , ਬਖਸੋ ਕਰੈਸ਼ਦਪੁਰ, ਹਰਵਿੰਦਰ ਕੌਰ, ਬਖਸੋ ਮੰਡਿਆਲਾ, ਪੂਜਾ, ਸੋਮਾ ਰਾਣੀ, ਜਸਵਿੰਦਰ ਕੌਰ ਆਦਿ ਸ਼ਾਮਿਲ ਸਨ |