ਜੰਡਿਆਲਾ ਮੰਜਕੀ, 26 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਥਾਣਾ ਨੂਰਮਹਿਲ ਦੀ ਪੁਲਿਸ ਵੱਲੋਂ ਚੋਰੀ ਦੇ ਤਿੰਨ ਮੋਟਰਸਾਈਕਲਾਂ, ਤਿੰਨ ਗੈਸ ਸਿਲੰਡਰਾਂ ਸਮੇਤ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ | ਥਾਣਾ ਮੁਖੀ ਸਬ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਨਰਿੰਦਰ ਕੁਮਾਰ ਪੁੱਤਰ ਰੂਪ ਲਾਲ ਵਾਸੀ ਸੁੰਨੜ ਕਲਾਂ ਜੋ ਕਿ ਚੋਰੀਆਂ ਕਰਨ ਦਾ ਆਦੀ ਹੈ ਆਪਣੇ ਸਾਥੀਆਂ ਨਾਲ ਰਲ ਕੇ ਦੋ ਪਹੀਆ ਵਾਹਨ ਅਤੇ ਲੋਕਾਂ ਦੇ ਘਰਾਂ ਵਿੱਚੋਂ ਘਰੇਲੂ ਸਮਾਨ ਚੋਰੀਆਂ ਕਰਦੇ ਸਨ | ਅੱਜ ਚੋਰੀ ਸੁਦਾ ਮੋਟਰਸਾਈਕਲ ਕਿਸੇ ਨੂੰ ਵੇਚਣ ਦੀ ਤਾਂਘ ਵਿੱਚ ਉਪਲ ਜਗੀਰ ਤੋਂ ਨੂਰਮਹਿਲ ਆ ਰਹੇ ਨਰਿੰਦਰ ਕੁਮਾਰ ਨੂੰ ਪੁਲਿਸ ਪਾਰਟੀ ਨੇ ਕਾਬੂ ਕੀਤਾ | ਨਰਿੰਦਰ ਕੁਮਾਰ ਪਾਸੋਂ ਚੋਰੀਸ਼ੁਦਾ ਮੋਟਰਸਾਈਕਲ ਮਾਰਕਾ ਬਜਾਜ ਡਿਸਕਵਰ ਨੰਬਰੀ ਪੀਬੀ08-ਬੀਟੀ-9385 ਬਰਾਮਦ ਕੀਤਾ ਗਿਆ ਹੈ | ਉਸ ਵੱਲੋਂ ਜਾਂਚ ਦੌਰਾਨ ਕਬੂਲ ਕਰਨ ਤੇ ਸੁਖਵਿੰਦਰ ਸਿੰਘ ਪੁੱਤਰ ਜੀਤ ਸਿੰਘ ਅਤੇ ਰਾਹੁਲ ਪੁੱਤਰ ਮਹਿੰਦਰਪਾਲ ਵਾਸੀ ਸੁੰਨੜ ਕਲਾਂ ਨੂੰ ਵੀ ਦੋਸ਼ੀਆਨ ਵਜੋਂ ਨਾਮਜਦ ਕੀਤਾ ਗਿਆ | ਪੁਲਿਸ ਪਾਰਟੀ ਵੱਲੋਂ ਰੇਡ ਕਰਨ ਤੇ ਸੁਖਵਿੰਦਰ ਸਿੰਘ ਤੇ ਰਾਹੁਲ ਪਾਸੋਂ ਤਿੰਨ ਸਿਲੰਡਰ ਮਾਰਕਾ ਇੰਡੀਅਨ ਗੈਸ ਅਤੇ ਦੋ ਮੋਟਰਸਾਈਕਲ ਮਾਰਕਾ ਹੀਰੋ ਹਾਂਡਾ ਨੰਬਰ ਪੀਬੀ36-ਸੀ-0899 ਅਤੇ ਇੱਕ ਬਿਨਾਂ ਨੰਬਰੀ ਸਪਲੈਂਡਰ ਬਰਾਮਦ ਕੀਤੇ ਗਏ ਹਨ | ਕਾਬੂ ਕੀਤੇ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਕੇਂਦਰੀ ਜੇਲ ਕਪੂਰਥਲਾ ਭੇਜਿਆ ਗਿਆ |