02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਅਜਮੇਰ ਤੋਂ ਗਿ੍ਫ਼ਤਾਰ ਕੀਤੇ ਮੁਲਜ਼ਮਾਂ ਨੂੰ ਲੈ ਕੇ ਜਲੰਧਰ ਪਹੁੰਚੀ ਪੁਲਿਸ, ਪਨਾਹ ਦੇਣ ਵਾਲੇ ਵੀ ਕਾਬੂ

Ad Position 21
No active advertisement
ਅਜੀਤ ਡੈਸਕ 04-11-2025
ਜਲੰਧਰ, 3 ਨਵੰਬਰ (ਐੱਮ. ਐੱਸ. ਲੋਹੀਆ)-ਭਾਰਗੋ ਕੈਂਪ 'ਚ ਚੱਲ ਰਹੀ 'ਵਿਜੇ ਜਿਊਲਰਜ਼' ਨਾਂਅ ਹੇਠ ਸੁਨਿਆਰੇ ਦੀ ਦੁਕਾਨ 'ਤੋਂ 30 ਅਕਤੂਬਰ ਨੂੰ ਪਿਸਤੌਲ ਦੇ ਜ਼ੋਰ 'ਤੇ ਕਰੀਬ ਇਕ ਕਰੋੜ ਦੇ ਸੋਨੇ ਦੇ ਗਹਿਣੇ ਅਤੇ 2 ਲੱਖ 25,000 ਰੁਪਏ ਦੀ ਨਕਦੀ ਦੀ ਲੁੱਟ ਦੇ ਮਾਮਲੇ 'ਚ ਅਜਮੇਰ, ਰਾਜਸਥਾਨ ਤੋਂ ਗਿ੍ਫ਼ਤਾਰ ਕੀਤੇ ਭਾਰਗੋ ਕੈਂਪ ਦੇ ਰਹਿਣ ਵਾਲੇ ਕਰਨ ਉਰਫ਼ ਕਰਨ ਬੱਚਾ ਪੁੱਤਰ ਬਲਦੇਵ ਸਿੰਘ, ਕੁਸ਼ਲ ਉਰਫ਼ ਰਿੰਕੂ ਪੁੱਤਰ ਰਾਮ ਲਾਲ, ਗਗਨ ਪੁੱਤਰ ਸਵ. ਦਿਵਾਕਰ ਪਾਸਵਾਨ ਅਤੇ ਪਨਾਹ ਦੇਣ ਵਾਲੇ ਗੌਰਵ ਪੁੱਤਰ ਕਮਲ ਵਾਸੀ ਹਾਥੀ ਬਾਟਾ, ਅਜਮੇਰ, ਰਾਜਸਥਾਨ ਨੂੰ ਟ੍ਰਾਂਸਿਟ ਰਿਮਾਂਡ 'ਤੇ ਲੈਣ ਤੋਂ ਬਾਅਦ ਅੱਜ ਜਲੰਧਰ ਲਿਆਂਦਾ ਅਤੇ ਅਦਾਲਤ 'ਚ ਪੇਸ਼ ਕਰਕੇ ਮੁਲਜ਼ਮਾਂ ਨੂੰ 4 ਦਿਨ ਦੇ ਰਿਮਾਂਡ 'ਤੇ ਲਿਆ ਹੈ | ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਰੰਧਾਵਾ ਨੇ ਜਾਣਕਾਰੀ ਦਿੱਤੀ ਕਿ 30 ਅਕਤੂਬਰ ਨੂੰ ਹੋਈ ਵਾਰਦਾਤ ਤੋਂ ਬਾਅਦ ਮੁਲਜ਼ਮਾਂ ਦੀ ਪਛਾਣ ਕਰੀਬ ਦੋ ਘੰਟੇ 'ਚ ਹੀ ਕਰ ਲਈ ਗਈ ਸੀ, ਪਰ ਉਨ੍ਹਾਂ ਨੂੰ ਗਿ੍ਫ਼ਤਾਰ ਕਰਨ 'ਚ ਲੱਗੀ ਦੇਰੀ ਦਾ ਕਾਰਨ ਵਾਰਦਾਤ ਦੀ ਸੀ.ਸੀ.ਟੀ.ਵੀ. ਫੁਟੇਜ ਅਤੇ ਮੁਲਜ਼ਮਾਂ
ਸੰਬੰਧੀ ਜਾਣਕਾਰੀ ਦਾ ਤੁਰੰਤ ਸੋਸ਼ਲ ਮੀਡੀਆ 'ਤੇ ਵਾਇਰਲ ਹੋਣਾ ਹੈ | ਉਨ੍ਹਾਂ ਕਿਹਾ ਕਿ ਡੀ.ਸੀ.ਪੀ. (ਜਾਂਚ) ਮਨਪ੍ਰੀਤ ਸਿੰਘ ਢਿੱਲੋਂ, ਏ.ਡੀ.ਸੀ.ਪੀ. (ਜਾਂਚ) ਜੇਯੰਤ ਪੁਰੀ ਅਤੇ ਏ.ਡੀ.ਸੀ.ਪੀ. (ਸਿਟੀ-2) ਹਰਿੰਦਰ ਸਿੰਘ ਗਿੱਲ ਦੀ ਨਿਗਰਾਨੀ ਹੇਠ ਏ.ਸੀ.ਪੀ. (ਜਾਂਚ) ਅਮਰਬੀਰ ਸਿੰਘ ਅਤੇ ਏ.ਸੀ.ਪੀ. (ਪੱਛਮੀ) ਸਰਵਨਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀਆਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਵਲੋਂ ਲਗਾਤਾਰ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾਂਦੀ ਰਹੀ | ਇਸ ਦੇ ਨਾਲ ਹੀ ਆਈ.ਸੀ.ਸੀ.ਸੀ. ਕੇਂਦਰ ਦੇ ਕੈਮਰਿਆਂ ਜ਼ਰੀਏ ਵੀ ਮੁਲਜ਼ਮਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਲਈ ਗਈ, ਤਾਂ ਸਾਹਮਣੇ ਆਇਆ ਕਿ ਉਹ ਇਕ ਦਿਨ ਤੱਕ ਸ਼ਹਿਰ ਦੇ ਅੰਦਰ ਹੀ ਘੁੰਮਦੇ ਰਹੇ, ਜੋ ਪੁਲਿਸ ਨੂੰ ਭਰਮਾਉਣ ਲਈ ਇੱਧਰ-ਉੱਧਰ ਦੇ ਚੱਕਰ ਲਗਾਉਂਦੇ ਰਹੇ, ਅੰਤ ਨੂੰ ਉਹ ਰਾਜਸਥਾਨ ਚਲੇ ਗਏ | ਪੁਲਿਸ ਕਮਿਸ਼ਨਰ ਨੇ ਕਿਹਾ ਕਿ ਮੁਲਜ਼ਮਾਂ ਸੰਬੰਧੀ ਜਿਵੇਂ ਹੀ ਠੋਸ ਜਾਣਕਾਰੀ ਮਿਲੀ ਤਾਂ ਪੁਲਿਸ ਟੀਮਾਂ ਨੇ ਉਨ੍ਹਾਂ ਨੂੰ ਮੌਕੇ 'ਤੇ ਜਾ ਕੇ ਕਾਬੂ ਕਰ ਲਿਆ | ਉਨ੍ਹਾਂ ਕਿਹਾ ਕਿ ਕਾਬੂ ਕੀਤੇ ਮੁਲਜ਼ਮਾਂ ਤੋਂ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਨ੍ਹਾਂ ਵਲੋਂ ਲੁੱਟੇ ਗਏ ਗਹਿਣੇ, ਨਕਦੀ ਅਤੇ ਵਾਰਦਾਤ 'ਚ ਵਰਤੇ ਗਏ ਹਥਿਆਰ ਵੀ ਬਰਾਮਦ ਕੀਤੇ ਜਾਣਗੇ | ਵਰਨਣਯੋਗ ਹੈ ਕਿ 'ਵਿਜੇ ਜਿਊਲਰ' ਦੁਕਾਨ 'ਤੇ ਸਵੇਰੇ 10.49 ਵਜੇ ਦੇ ਕਰੀਬ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਚਿੱਟੇ ਦਿਨ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਸੋਨੇ ਦੇ 8 ਸੈੱਟ, 12 ਚੇਨਾਂ, 25-30 ਮੁੰਦਰੀਆਂ ਅਤੇ ਟਾਪਸ, ਔਰਤਾਂ ਦੇ ਕੜਿਆਂ ਦੀ ਇਕ ਜੋੜੀ ਅਤੇ ਇਕ ਮਰਦਾਨਾ ਕੜੇ ਸਮੇਤ ਕਰੀਬ 800 ਗ੍ਰਾਮ ਸੋਨੇ ਦੇ ਨਾਲ-ਨਾਲ ਕਾਉਂਟਰ 'ਚ ਪਈ ਕਰੀਬ 2 ਲੱਖ ਦੀ ਨਕਦੀ ਅਤੇ ਦੁਕਾਨਦਾਰ ਅਜੇ ਕੁਮਾਰ ਦੇ ਲੜਕੇ ਨਿਖਿਲ ਦੇ ਕੋਲ ਮੌਜੂਦ 25 ਹਜ਼ਾਰ ਰੁਪਏ ਦੀ ਨਕਦੀ ਵੀ ਲੈ ਗਏ ਸਨ | ਲੁੱਟ ਦੀ ਸਾਰੀ ਵਾਰਦਾਤ ਦੁਕਾਨ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ ਸੀ, ਜਿਸ 'ਚ ਮੁਲਜ਼ਮਾਂ ਦੀ ਪਛਾਣ ਸਾਫ਼ ਹੋ ਰਹੀ ਸੀ | ਵਾਰਦਾਤ ਦੇ 4 ਦਿਨ ਬੀਤ ਜਾਣ ਤੋਂ ਬਾਅਦ ਅੱਜ ਪੁਲਿਸ ਨੇ ਮਾਮਲਾ ਹੱਲ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸੀ. ਏ. ਦੇ ਨਤੀਜਿਆਂ 'ਚ ਜਲੰਧਰ ਸ਼ਾਖਾ ਦਾ ਸ਼ਾਨਦਾਰ ਪ੍ਰਦਰਸ਼ਨ-20 ਵਿਦਿਆਰਥੀ ਬਣੇ ਸੀ. ਏ. ਅਗਲੀ ਖ਼ਬਰ ਦੁਬਈ ਦੀ ਕੂੜਾ ਸੰਭਾਲ ਪ੍ਰਾਜੈਕਟ ਵਾਲੀ ਕੰਪਨੀ ਜਲੰਧਰ 'ਚ ਕੰਮ ਕਰਨ ਲਈ ਤਿਆਰ
Ad Position 24
No active advertisement