ਜਲੰਧਰ, 22 ਨਵੰਬਰ (ਪਵਨ ਖਰਬੰਦਾ)-ਬੋਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਤਹਿਤ ਚੱਲ ਰਹੀ ਸੰਸਥਾ ਦਿਸ਼ਾ ਐਨ ਇਨੀਸ਼ੀਏਟਿਵ ਅਧੀਨ ਇੰਨੋਸੈਂਟ ਹਾਰਟਸ ਸਕੂਲ ਵਲੋਂ ਪ੍ਰੀ-ਪ੍ਰਾਈਮਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਕੈਂਟ ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ ਕੈਂਪਸਾਂ 'ਚ ਦੰਤ ਸੁਰੱਖਿਆ ਕੈਂਪ ਲਗਾਇਆ ਗਿਆ | ਇਸ ਪਹਿਲ ਦਾ ਉਦੇਸ਼ ਵਿਦਿਆਰਥੀਆਂ ਵਿੱਚ ਦੰਦਾਂ ਦੀ ਸਿਹਤ ਅਤੇ ਸਫ਼ਾਈ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ | ਕੈਂਟ ਜੰਡਿਆਲਾ ਰੋਡ ਕੈਂਪਸ 'ਚ ਵਿਸ਼ੇਸ਼ ਤੌਰ 'ਤੇ ਯੋਗ ਅਤੇ ਤਜਰਬੇਕਾਰ ਐਲੂਮਨਸ ਡਾ. ਆਸਥਾ ਬੋਰੀ ਨੇ ਬੱਚਿਆਂ ਨਾਲ ਇੱਕ ਇੰਟਰੈਕਟਿਵ ਸੈਸ਼ਨ ਕਰਵਾਇਆ | ਬੱਚਿਆਂ ਨੂੰ ਸਹੀ ਬਰਸ਼ਿੰਗ ਤਰੀਕੇ, ਨਿਯਮਿਤ ਦੰਦਾਂ ਦੀ ਜਾਂਚ ਦੀ ਲੋੜ ਅਤੇ ਮਜ਼ਬੂਤ ਤੇ ਸਿਹਤਮੰਦ ਦੰਦਾਂ ਲਈ ਸਾਧਾਰਨ ਰੋਕਥਾਮੀ ਆਦਤਾਂ ਬਾਰੇ ਜਾਣੂ ਕਰਵਾਇਆ ਗਿਆ | ਕਪੂਰਥਲਾ ਰੋਡ ਕੈਂਪਸ ਵਿੱਚ ਐਲੂਮਨਸ ਡਾ. ਭਾਵਨਾ ਅਤੇ ਉਨ੍ਹਾਂ ਦੀ ਵਿਸ਼ੇਸ਼ ਟੀਮ ਨੇ ਜਾਣਕਾਰੀ ਭਰਿਆ ਦੰਤ ਸੁਰੱਖਿਆ ਸੈਸ਼ਨ ਕਰਵਾਇਆ | ਹਰ ਬੱਚੇ ਦੇ ਦੰਦਾਂ ਦੀ ਜਾਂਚ ਕੀਤੀ ਗਈ ਅਤੇ ਸਫ਼ਾਈ ਬਾਰੇ ਨਿੱਜੀ ਸਲਾਹ ਦਿੱਤੀ ਗਈ | ਸੀ.ਐਸ.ਆਰ. ਡਾਇਰੈਕਟਰ ਡਾ. ਪਲਕ ਗੁਪਤਾ ਬੋਰੀ ਨੇ ਕਿਹਾ ਕਿ ਦਿਸ਼ਾ ਦੇ ਤਹਿਤ ਹੋਣ ਵਾਲੀ ਇਹ ਪਹਿਲ ਬੱਚਿਆਂ ਵਿੱਚ ਜੀਵਨ-ਭਰ ਦੀਆਂ ਸਿਹਤਮੰਦ ਆਦਤਾਂ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ |