ਸਟੇਟ ਪਬਲਿਕ ਸਕੂਲ ਸ਼ਾਹਕੋਟ ਦੇ ਬੱਚਿਆਂ ਨੇ ਸਾਲਾਨਾ ਸਮਾਗਮ ਦੇ ਦੂਜੇ ਦਿਨ ਪੇਸ਼ ਕੀਤੀ ਪੰਜਾਬੀ ਸੱਭਿਆਚਾਰ ਦੀ ਝਲਕ
ਅਜੀਤ ਡੈਸਕ
08-12-2025
ਸ਼ਾਹਕੋਟ, 7 ਦਸੰਬਰ (ਦਲਜੀਤ ਸਿੰਘ ਸਚਦੇਵਾ)-ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ, ਉਪ-ਪ੍ਰਧਾਨ ਡਾ. ਗਗਨਦੀਪ ਕੌਰ, ਮੈਨੇਜਿੰਗ ਡਾਇਰੈਕਟਰ ਅਨਮੋਲ ਸਿੰਘ ਦੀ ਅਗਵਾਈ ਤੇ ਪਿ੍ੰਸੀਪਲ ਡਾ. ਕੰਵਰ ਨੀਲ ਕਮਲ ਦੀ ਦੇਖ-ਰੇਖ ਹੇਠ ਕਰਵਾਏ 11ਵੇਂ ਸਾਲਾਨਾ ਇਨਾਮ ਵੰਡ ਸਮਾਗਮ ਦੇ ਦੂਜੇ ਦਿਨ ਬੱਚਿਆਂ ਵਲੋਂ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ ਗਈ | ਦੂਜੇ ਦਿਨ ਦੇ ਸਮਾਗਮ 'ਚ ਇੰਟਰਨੈਸ਼ਨਲ ਕਿ੍ਕਟਰ ਵਿਕਰਮਜੀਤ ਸਿੰਘ ਨੇ ਮੁੱਖ ਮਹਿਮਾਨ ਜਦ ਕਿ ਗੁਲਜ਼ਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਸੁਰਿੰਦਰਜੀਤ ਸਿੰਘ ਚੱਠਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਕਮਲਜੀਤ ਸਿੰਘ ਪੰਜਾਬ ਸਟੇਟ ਕਿ੍ਕਟ ਪਲੇਅਰ, ਡਾ. ਦੀਪਕ ਚੰਦਰ ਐੱਸ. ਐੱਮ. ਓ. ਸ਼ਾਹਕੋਟ, ਸ੍ਰੀਮਤੀ ਵੰਦਨਾ ਮਿੱਤਲ ਐੱਮ. ਸੀ. ਸ਼ਾਹਕੋਟ, ਅਮਰਜੀਤ ਕੌਰ ਸਚਦੇਵਾ ਚੇਅਰਪਰਸਨ ਮਹਿਲਾ ਮੰਡਲ ਸ਼ਾਹਕੋਟ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਵਿਦਿਆਰਥੀਆਂ ਵਲੋਂ ਪੰਜਾਬੀ ਸੱਭਿਆਚਾਰ ਦੇ ਰੰਗ ਝੂਮਰ, ਭੰਗੜਾ ਤੇ ਮਲਵਈ ਗਿੱਧਾ ਪੇਸ਼ ਕਰਕੇ ਪੰਜਾਬੀ ਸੱਭਿਆਚਾਰਕ ਮੁੱਲਾਂ ਦੀ ਮਜ਼ਬੂਤ ਪ੍ਰੰਪਰਾ ਨੂੰ ਉਜਾਗਰ ਕੀਤਾ | ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਸਿੱਖ ਗੁਰੂਆਂ ਦੁਆਰਾ ਸਿਖਾਈ ਸਸ਼ਤਰ ਵਿੱਦਿਆ ਤੇ ਸਿੱਖਾਂ ਦੀ ਜੰਗੀ ਕਲਾ ਗਤਕੇ ਦਾ ਉੱਤਮ ਪ੍ਰਦਰਸ਼ਨ ਕਰਕੇ ਸਭ ਵਿਚ ਵੱਖਰਾ ਹੀ ਜੋਸ਼ ਭਰ ਦਿੱਤਾ | ਪ੍ਰੋਗਰਾਮ ਦੇ ਅੰਤ 'ਚ ਰੰਗ-ਬਿਰੰਗੇ ਪਹਿਰਾਵਿਆਂ 'ਚ ਸਜੀਆਂ ਵਿਦਿਆਰਥਣਾਂ ਨੇ ਪੰਜਾਬ ਦੇ ਸੱਭਿਆਚਾਰ ਦੇ ਲੋਕ ਨਾਚ ਗਿੱਧੇ ਦੀ ਝਲਕ ਪੇਸ਼ ਕਰ ਕੇ ਸਾਰੇ ਦਰਸ਼ਕਾਂ ਦਾ ਮਨ ਮੋਹ ਲਿਆ | ਮੁੱਖ ਮਹਿਮਾਨ ਵਿਕਰਮਜੀਤ ਸਿੰਘ ਨੇ ਕਿਹਾ ਕਿ ਮੈਂ ਨੀਂਦਰਲੈਂਡ ਦਾ ਰਹਿਣ ਵਾਲਾ ਹਾਂ ਤੇ ਨੀਂਦਰਲੈਂਡ ਟੀਮ ਦੀ ਅਗਵਾਈ ਕਰਦਿਆਂ ਵੀ ਮੈਂ ਪੰਜਾਬ ਦੀ ਨੁਮਾਇੰਦਗੀ ਕਰਦਾ ਹਾਂ | ਉਨ੍ਹਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਵਲੋਂ ਪੇਸ਼ ਕੀਤੀ ਗਈ ਪੰਜਾਬੀ ਸੱਭਿਆਚਾਰਕ ਦੀ ਝਲਕ ਦੇਖ ਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਮਹਿਸੂਸ ਹੋ ਰਹੀ ਹੈ | ਆਏ ਹੋਏ ਮਹਿਮਾਨਾਂ ਵਲੋਂ ਹੋਣਹਾਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ | ਪਿ੍ੰਸੀਪਲ ਡਾ. ਕੰਵਰ ਨੀਲ ਕਮਲ ਨੇ ਆਏ ਹੋਏ ਮਹਿਮਾਨਾਂ ਤੇ ਮਾਪਿਆਂ ਦਾ ਧੰਨਵਾਦ ਕੀਤਾ | ਐਕਟੀਵਿਟੀ ਕੋਆਰਡੀਨੇਟਰ ਸੁਖਵੰਤ ਸਿੰਘ ਨੇ ਸਮਾਗਮ ਨੂੰ ਸਫਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ | ਜੂਨੀਅਰ ਵਿੰਗ ਕੋਆਰਡੀਨੇਟਰ ਜਸਪਾਲ ਕੌਰ ਨੇ ਸਾਲਾਨਾ ਸਮਾਗਮ 'ਚ ਸਹਿਯੋਗ ਲਈ ਸਟਾਫ਼ ਦਾ ਧੰਨਵਾਦ ਕੀਤਾ | ਇਸ ਮੌਕੇ ਡਾ. ਰਾਜਵੀ ਛੁਰਾ ਮੈਡੀਕਲ ਅਫ਼ਸਰ ਸ਼ਾਹਕੋਟ, ਦੀਪਕ ਸੋਬਤੀ ਪਾਵਰਕਾਮ ਸ਼ਾਹਕੋਟ, ਜਸਵਿੰਦਰ ਕੌਰ ਸਚਦੇਵਾ ਨਰਸਿੰਗ ਸਿਸਟਰ, ਸੁਰਿੰਦਰਪਾਲ ਸਿੰਘ ਸਚਦੇਵਾ ਰਿਟਾਇਰ ਫ਼ਾਰਮੇਸੀ ਅਫ਼ਸਰ, ਮੈਡਮ ਆਰਤੀ ਵਡੈਹਰਾ ਆਦਿ ਹਾਜ਼ਰ ਸਨ |