25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਨਾਬਾਲਗਾਂ ਦੀ ਸਿਹਤ ਨਾਲ ਖੁੱਲ੍ਹਾ ਖਿਲਵਾੜ ਮਾਪਿਆਂ ਦੀ ਬੇਫ਼ਿਕਰੀ ਤੇ ਦੁਕਾਨਦਾਰਾਂ ਦੇ ਲਾਲਚ ਨੇ ਵਧਾਇਆ ਖ਼ਤਰਾ

Ad Position 21
No active advertisement
ਅਜੀਤ ਡੈਸਕ 18-12-2025
ਮਕਸੂਦਾਂ, 17 ਦਸੰਬਰ (ਸੌਰਵ ਮਹਿਤਾ)-ਅੱਜ-ਕੱਲ੍ਹ• ਦੀ ਨੌਜਵਾਨ ਪੀੜ੍ਹੀ ਦੀ ਸਿਹਤ ਨੂੰ ਲੈ ਕੇ ਇੱਕ ਗੰਭੀਰ ਤੇ ਚਿੰਤਾਜਨਕ ਤਸਵੀਰ ਸਾਹਮਣੇ ਆ ਰਹੀ ਹੈ | ਇੱਕ ਪਾਸੇ ਮਾਪਿਆਂ ਦੀ ਵਧਦੀ ਬੇਫ਼ਿਕਰੀ ਤੇ ਦੂਜੇ ਪਾਸੇ ਕੁਝ ਦੁਕਾਨਦਾਰਾਂ ਦੇ ਬੇਲਗ਼ਾਮ ਲਾਲਚ ਨੇ ਨਾਬਾਲਗ ਬੱਚਿਆਂ ਦੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ | ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਹਜ਼ਾਰਾਂ ਦੀ ਗਿਣਤੀ ਵਿਚ ਬਣੇ ਖੋਖਿਆਂ ਅਤੇ ਦੁਕਾਨਾਂ 'ਤੇ ਖੁੱਲੇ੍ਹ ਆਮ ਤੰਬਾਕੂ ਨਾਲ ਬਣੀਆਂ ਚੀਜ਼ਾਂ ਬੀੜੀ, ਸਿਗਰਟ, ਗੁਟਕਾ ਆਦਿ ਬੇਰੋਕ ਟੋਕ ਵਿਕ ਰਹੀਆਂ ਹਨ, ਜੋ ਕਾਨੂੰਨ ਦੀ ਸਿੱਧੀ ਉਲੰਘਣਾ ਹੈ | ਹਰ ਇਕ ਦੁਕਾਨ ਦੇ ਬਾਹਰ ਕਾਨੂੰਨੀ ਤੌਰ 'ਤੇ ਬੋਰਡ ਲੱਗਿਆ ਹੋਇਆ ਹੈ ਕਿ '18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਸਮੱਗਰੀ ਨਾ ਵੇਚੀ ਜਾਵੇ', ਪਰ ਹਕੀਕਤ ਇਸ ਤੋਂ ਬਿਲਕੁਲ ਉਲਟ ਨਜ਼ਰ ਆ ਰਹੀ ਹੈ | ਇਨ੍ਹਾਂ ਹੀ ਦੁਕਾਨਾਂ ਤੋਂ ਨਾਬਾਲਗ ਬੱਚੇ ਆਸਾਨੀ ਨਾਲ ਤੰਬਾਕੂ ਉਤਪਾਦ ਖ਼ਰੀਦਦੇ ਅਤੇ ਸ਼ਰੇਆਮ ਸੜਕਾਂ, ਗਲੀਆਂ ਤੇ ਪਾਰਕਾਂ ਵਿਚ ਵਰਤੋਂ ਕਰਦੇ ਦਿਖਾਈ ਦੇ ਰਹੇ ਹਨ |
ਇਹ ਸਿਰਫ਼ ਕਾਨੂੰਨੀ ਉਲੰਘਣਾ ਨਹੀਂ, ਸਗੋਂ ਆਉਣ ਵਾਲੀ ਪੀੜ੍ਹੀ ਦੀ ਸਿਹਤ ਨਾਲ ਖੁੱਲ੍ਹਾ ਖਿਲਵਾੜ ਹੈ | ਮਾਹਿਰਾਂ ਦੇ ਮੁਤਾਬਕ ਛੋਟੀ ਉਮਰ ਵਿਚ ਤੰਬਾਕੂ ਦੀ ਆਦਤ ਬੱਚਿਆਂ ਨੂੰ ਕੈਂਸਰ, ਦਿਲ ਦੀਆਂ ਬਿਮਾਰੀਆਂ, ਸਾਹ ਸੰਬੰਧੀ ਰੋਗਾਂ ਅਤੇ ਮਾਨਸਿਕ ਤੌਰ 'ਤੇ ਕਮਜ਼ੋਰ ਬਣਾਉਂਦੀ ਹੈ | ਇਸ ਦੇ ਬਾਵਜੂਦ ਪਰਿਵਾਰਕ ਮੈਂਬਰਾਂ ਵਲੋਂ ਵੀ ਲੋੜੀਂਦੀ ਸਖ਼ਤੀ ਅਤੇ ਨਿਗਰਾਨੀ ਦੀ ਕਮੀ ਸਪਸ਼ਟ ਦਿਖਾਈ ਦਿੰਦੀ ਹੈ | ਅਕਸਰ ਮਾਪੇ ਜਾਂ ਤਾਂ ਅਣਜਾਣ ਬਣੇ ਰਹਿੰਦੇ ਹਨ ਜਾਂ ਫਿਰ ਬੱਚਿਆਂ ਦੀਆਂ ਗ਼ਲਤ ਆਦਤਾਂ ਨੂੰ ਨਜ਼ਰ-ਅੰਦਾਜ਼ ਕਰ ਦਿੰਦੇ ਹਨ, ਜਿਸ ਦਾ ਨੁਕਸਾਨ ਬੱਚਿਆਂ ਨੂੰ ਸਾਰੀ ਉਮਰ ਭੁਗਤਣਾ ਪੈਂਦਾ ਹੈ | ਦੂਜੇ ਪਾਸੇ, ਜੇ ਗੱਲ ਕੀਤੀ ਜਾਵੇ ਸਟਰੀਟ ਫੂਡ ਅਤੇ ਸਾਫ਼-ਸੁਥਰੇ ਖਾਣ-ਪੀਣ ਦੀ, ਤਾਂ ਇੱਥੇ ਵੀ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿਚ ਹੈ | ਤਿਉਹਾਰਾਂ ਜਾਂ ਖ਼ਾਸ ਮੌਕਿਆਂ 'ਤੇ ਕੁਝ ਦਿਨਾਂ ਲਈ ਛਾਪੇਮਾਰੀ ਕਰ ਕੇ ਕਾਰਵਾਈ ਦਿਖਾਈ ਜਾਂਦੀ ਹੈ, ਪਰ ਬਾਅਦ ਵਿਚ ਸਾਰਾ ਸਿਸਟਮ ਮੁੜ ਢਿੱਲਾ ਪੈ ਜਾਂਦਾ ਹੈ | ਗੰਦੇ ਹਾਲਾਤਾਂ ਵਿਚ ਬਣਦਾ ਖਾਣਾ ਨੌਜਵਾਨਾਂ ਅਤੇ ਬੱਚਿਆਂ ਦੀ ਸਿਹਤ ਨੂੰ ਹੋਰ ਖ਼ਤਰੇ ਵਿਚ ਪਾ ਰਿਹਾ ਹੈ | ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਸਿਰਫ਼ ਕਾਗ਼ਜ਼ੀ ਦਾਅਵਿਆਂ ਤੱਕ ਸੀਮਤ ਨਾ ਰਹੇ, ਸਗੋਂ ਨਾਬਾਲਗਾਂ ਨੂੰ ਤੰਬਾਕੂ ਵੇਚਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਨਾਲ ਹੀ ਮਾਪਿਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਬੱਚਿਆਂ ਦੀਆਂ ਗਤੀਵਿਧੀਆਂ 'ਤੇ ਪੂਰਾ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਸਿਹਤਮੰਦ ਅਤੇ ਸੁਰੱਖਿਅਤ ਭਵਿੱਖ ਦਿੱਤਾ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਭੋਗ 'ਤੇ ਵਿਸ਼ੇਸ਼-ਕੁਲਦੀਪ ਸਿੰਘ ਦੁਸਾਂਝ ਅਗਲੀ ਖ਼ਬਰ ਰਿੰਕੂ ਵਲੋਂ ਰੇਲ ਮੰਤਰੀ ਤੋਂ ਸੀ-8 ਫਾਟਕ ਕੋਲ ਅੰਡਰ ਪਾਸ ਬਣਾਉਣ ਦੀ ਮੰਗ
Ad Position 24