ਜਲੰਧਰ, 18 ਦਸੰਬਰ (ਜਸਪਾਲ ਸਿੰਘ)-ਸਥਾਨਕ ਪੰਜਾਬ ਪ੍ਰੈੱਸ ਕਲੱਬ ਦੀ ਗਵਰਨਿੰਗ ਕੌਂਸਲ ਨੇ ਸੰਗੀਤਾ ਬਰੂਆ ਪਿਸ਼ਰੋਟੀ ਨੂੰ ਪ੍ਰੈੱਸ ਕਲੱਬ ਆਫ਼ ਇੰਡੀਆ ਦੀ ਪਹਿਲੀ ਔਰਤ ਪ੍ਰਧਾਨ ਚੁਣੇ ਜਾਣ 'ਤੇ ਵਧਾਈ ਦਿੰਦਿਆਂ ਕਿਹਾ ਕਿ 68 ਸਾਲ ਤੋਂ ਚੱਲ ਰਹੇ ਕਲੱਬ ਦੀ ਪ੍ਰਧਾਨ ਬਣ ਕੇ ਬਰੂਆ ਨੇ ਇਤਿਹਾਸ ਰਚਿਆ ਹੈ | ਬਰੂਆ ਨੇ 1019 ਵੋਟਾਂ ਪ੍ਰਾਪਤ ਕੀਤੀਆਂ ਜਦ ਕਿ ਉਨ੍ਹਾਂ ਦੇ ਵਿਰੋਧੀ ਅਤੁਲ ਮਿਸ਼ਰਾ 129 ਤੇ ਅਰੁਣ ਸ਼ਰਮਾ 89 ਵੋਟਾਂ ਹੀ ਪ੍ਰਾਪਤ ਕਰ ਸਕੇ ਹਨ | ਬਰੂਆ ਦੀ ਇਸ ਸ਼ਾਨਦਾਰ ਜਿੱਤ 'ਤੇ ਸਥਾਨਕ ਪੰਜਾਬ ਪ੍ਰੈੱਸ ਕਲੱਬ ਵਿਚ ਖੁਸ਼ੀ ਪ੍ਰਗਟ ਕਰਨ ਮੌਕੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ਜਨਰਲ ਸਕੱਤਰ ਪੁਨੀਤ ਸਹਿਗਲ, ਸਕੱਤਰ ਰਾਜੇਸ਼ ਯੋਗੀ, ਮੀਤ ਪ੍ਰਧਾਨ ਪਰਮਜੀਤ ਸਿੰਘ ਰੰਗਪੁਰੀ ਤੇ ਮਨਦੀਪ ਸ਼ਰਮਾ, ਸੁਕਰਾਂਤ ਸਫਰੀ ਸੰਯੁਕਤ ਸਕੱਤਰ ਤੇ ਖਜ਼ਾਨਚੀ ਸ਼ਿਵ ਸ਼ਰਮਾ ਹਾਜ਼ਰ ਸਨ |