ਜਲੰਧਰ, 19 ਦਸੰਬਰ (ਐੱਮ. ਐੱਸ. ਲੋਹੀਆ)-ਐਂਟੀ ਨਾਰਕੋਟਿਕ ਟਾਸਕ ਫੋਰਸ (ਏ.ਐੱਨ.ਟੀ.ਐੱਫ਼.) ਵਲੋਂ ਨਸ਼ਿਆਂ ਖ਼ਿਲਾਫ਼ ਕੀਤੀਆਂ ਵੱਖ-ਵੱਖ ਕਾਰਵਾਈਆਂ ਦੌਰਾਨ 2 ਕਿੱਲੋ 34 ਗ੍ਰਾਮ ਹੈਰੋਇਨ ਅਤੇ ਮੋਟਰਸਾਈਕਲ ਬਰਾਮਦ ਕਰਕੇ 3 ਨਸ਼ਾ ਤਸਕਰ ਗਿ੍ਫ਼ਤਾਰ ਕੀਤੇ ਹਨ, ਜਿਨ੍ਹਾਂ ਦੀ ਪਛਾਣ ਸੁਲੱਖਣ ਸਿੰਘ ਉਰਫ਼ ਸੁੱਖ ਪੁੱਤਰ ਰਾਮ ਸਿੰਘ ਵਾਸੀ ਪੱਤੀ ਫੱਲਿਆਂ ਦੀ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਕਿਰਨਜੋਤ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਸਾਰੰਗਪੁਰ, ਬਲਾਚੌਰ, ਐੱਸ.ਪੀ.ਐੱਸ. ਨਗਰ ਅਤੇ ਸੰਦੀਪ ਭਾਟੀਆ ਪੁੱਤਰ ਸੁਰਿੰਦਰਪਾਲ ਭਾਟੀਆ ਵਾਸੀ ਹਿਮਾਚਲ ਪ੍ਰਦੇਸ਼ ਹਾਲ ਵਾਸੀ ਸੰਨੀ ਇੰਕਲੇਵ, ਖਰੜ ਵਜੋਂ ਦੱਸੀ ਗਈ ਹੈ | ਏ.ਐੱਨ.ਟੀ.ਐੱਫ਼. ਜਲੰਧਰ ਰੇਂਜ ਦੇ ਦੇ ਏ.ਆਈ.ਜੀ. ਜਗਜੀਤ ਸਿੰਘ ਸਰੋਆ ਨੇ ਜਾਣਕਾਰੀ ਦਿੱਤੀ ਕਿ ਡੀ.ਐੱਸ.ਪੀ. ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀਆਂ ਵਲੋਂ ਕੀਤੀਆਂ ਗਈਆਂ ਵੱਖ-ਵੱਖ ਕਾਰਵਾਈਆਂ ਦੌਰਾਨ ਕੁੱਲ 2 ਕਿਲੋ 34 ਗ੍ਰਾਮ ਹੈਰੋਇਨ ਬਰਾਮਦ ਕਰਕੇ ਤਿੰਨ ਮੁਲਜ਼ਮਾਂ ਸੁਲੱਖਣ ਸਿੰਘ ਉਰਫ਼ ਸੁੱਖ, ਕਿਰਨਜੋਤ ਅਤੇ ਸੰਦੀਪ ਭਾਟੀਆ ਨੂੰ ਗਿ੍ਫ਼ਤਾਰ ਕੀਤਾ ਹੈ | ਏ.ਆਈ.ਜੀ. ਸਰੋਆ ਨੇ ਜਾਣਕਾਰੀ ਦਿੱਤੀ ਕਿ ਏ.ਐੱਸ.ਆਈ. ਪਰਮਿੰਦਰ ਸਿੰਘ ਦੀ ਪੁਲਿਸ ਪਾਰਟੀ ਨੇ ਇੰਦਰ ਫਾਰਮ ਮੈਰਿਜ ਪੈਲਸ, ਜੰਡਿਆਲਾ ਗੁਰੂ ਵਿਖੇ ਕਾਰਵਾਈ ਕਰਦੇ ਹੋਏ ਸੁਲੱਖਣ ਸਿੰਘ ਉਰਫ਼ ਸੁੱਖ ਦੇ ਕਬਜ਼ੇ 'ਚੋਂ 1 ਕਿਲੋ 14 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕੀਤਾ ਹੈ | ਇਸੇ ਤਰ੍ਹਾਂ ਐੱਸ.ਆਈ. ਸੰਜੀਵ ਕੁਮਾਰ ਦੀ ਪੁਲਿਸ ਪਾਰਟੀ ਨੇ ਬੰਗਾ ਤੋਂ ਨਵਾਂ ਸ਼ਹਿਰ ਰੋਡ 'ਤੇ ਕਾਰਵਾਈ ਕਰਦੇ ਹੋਏ ਕਿਰਨਜੋਤ ਨੂੰ 511 ਗ੍ਰਾਮ ਹੈਰੋਇਨ ਅਤੇ ਸੰਦੀਪ ਭਾਟੀਆ ਨੂੰ 509 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਏ.ਆਈ.ਜੀ. ਸਰੋਆ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਹੋਰ ਜਾਣਕਾਰੀ ਲੈਣ ਲਈ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |