ਕਿਸ਼ਨਗੜ੍ਹ, 19 ਦਸੰਬਰ (ਹੁਸਨ ਲਾਲ)-ਜਲੰਧਰ ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਸਥਿਤ ਅੱਡਾ ਕਿਸ਼ਨਗੜ੍ਹ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਅੱਡਾ ਕਿਸ਼ਨਗੜ੍ਹ ਨਜ਼ਦੀਕ ਇੱਕ ਪੈਟਰੋਲ ਪੰਪ 'ਤੇ ਇਕੱਠੇ ਹੋਏ ਕਰੀਬ 30-40 ਨੌਜਵਾਨਾਂ 'ਤੇ ਭੋਗਪੁਰ ਸਾਈਡ ਤੋਂ ਆਏ 2 ਕਾਰਾਂ 'ਚ ਸਵਾਰ ਅਣਪਛਾਤੇ ਨੌਜਵਾਨਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 2 ਨੌਜਵਾਨਾਂ ਨੂੰ ਜ਼ਖ਼ਮੀ ਕਰ ਦਿੱਤਾ ਜਿਨ੍ਹਾਂ 'ਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ | ਜਾਣਕਾਰੀ ਅਨੁਸਾਰ ਕਰੀਬ ਡੇਢ ਵਜੇ ਦੁਪਹਿਰੇ ਕਿਸ਼ਨਗੜ੍ਹ ਨਜ਼ਦੀਕ ਪੈਟਰੋਲ ਪੰਪ 'ਤੇ 30 ਤੋਂ 40 ਨੌਜਵਾਨ ਜਲੰਧਰ ਇੱਕ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਜਾਣ ਲਈ ਇਕੱਠੇ ਹੋਏ ਸਨ ਤੇ ਆਪਣੇ ਹੋਰ ਸਾਥੀਆਂ ਦੀ ਉਡੀਕ ਕਰ ਰਹੇ ਸਨ ਕਿ ਕਰੀਬ ਡੇਢ ਵਜੇ ਭੋਗਪੁਰ ਵਲੋਂ ਆਏ 2 ਕਾਰਾਂ 'ਚ ਸਵਾਰ ਅਣਪਛਾਤੇ ਨੌਜਵਾਨਾਂ ਨੇ ਇਕੱਠੇ ਹੋਏ ਨੌਜਵਾਨਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਤੇ ਗੋਲੀਆਂ ਚੱਲਣ ਸਾਰ ਹੀ ਉੱਥੇ ਖੜ੍ਹੇ ਨੌਜਵਾਨ, ਪੈਟਰੋਲ ਪੰਪ ਦੇ ਕਰਿੰਦੇ ਅਤੇ ਪੈਟਰੋਲ ਪਾਉਣ ਆਏ ਰਾਹਗੀਰ ਇੱਧਰ-ਉਧਰ ਆਪਣੇ ਬਚਾਅ ਲਈ ਭੱਜਣ ਲੱਗੇ | ਇਕੱਤਰ ਹੋਏ ਨੌਜਵਾਨਾਂ 'ਚੋਂ ਹੀ 2 ਨੌਜਵਾਨਾਂ ਦੇ ਗੋਲੀਆਂ ਲੱਗੀਆਂ ਜਿਨ੍ਹਾਂ ਨੂੰ ਉਨ੍ਹਾਂ ਦੇ ਸਾਥੀਆਂ ਵਲੋਂ ਹੀ ਜਲੰਧਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਜਿੱਥੇ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਹਮਲਾਵਰ ਇਸ ਘਟਨਾ ਨੂੰ ਕਰੀਬ ਅੱਧੇ ਮਿੰਟ 'ਚ ਹੀ ਅੰਜਾਮ ਦੇਣ ਉਪਰੰਤ ਮੌਕੇ ਤੋਂ ਜਲੰਧਰ ਵੱਲ ਨੂੰ ਫ਼ਰਾਰ ਹੋ ਗਏ | ਇਸ ਗੋਲੀਵਾਰੀ 'ਚ ਇੱਕ ਗੋਲੀ ਪੈਟਰੋਲ ਪੰਪ ਦੇ ਦਫਤਰ ਦੇ ਅਲਮੀਨੀਅਮ ਦੇ ਦਰਵਾਜ਼ੇ ਦੀ ਚਗਾਠ 'ਚੋਂ ਨਿਕਲ ਕੇ ਅੰਦਰ ਕੰਧ 'ਚ ਜਾ ਵੱਜੀ ਜਿਸ ਕਾਰਨ ਪੈਟਰੋਲ ਪੰਪ ਦੇ ਦਫਤਰ ਅੰਦਰ ਬੈਠੇ ਸਟਾਫ ਦਾ ਬਾਲ-ਬਾਲ ਬਚਾਅ ਹੋ ਗਿਆ | ਇਸ ਘਟਨਾ ਦੀ ਸੂਚਨਾ ਮਿਲਣ 'ਤੇ ਆਦਮਪੁਰ ਦੇ ਐਸ.ਐਚ.ਓ. ਰਵਿੰਦਰ ਪਾਲ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਤੇ ਉਨ੍ਹਾਂ ਪੈਟਰੋਲ ਪੰਪ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਉਪਰੰਤ ਅਗਲੀ ਕਾਰਵਾਈ ਜੰਗੀ ਪੱਧਰ 'ਤੇ ਆਰੰਭ ਦਿੱਤੀ ਸੀ | ਇਸ ਸੰਬੰਧੀ ਜਦੋਂ ਐਸ.ਐਚ.ਓ. ਰਵਿੰਦਰ ਪਾਲ ਸਿੰਘ ਨਾਲ ਫੋਨ 'ਤੇ ਵਾਰ-ਵਾਰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਫੋਨ ਚੁੱਕਣਾ ਮੁਨਾਸਬ ਨਹੀਂ ਸਮਝਿਆ |