ਗੁਰਾਇਆ, 22 ਦਸੰਬਰ (ਬਲਵਿੰਦਰ ਸਿੰਘ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਦੁੱਗਲ ਨੇ ਹਫ਼ਤਾਵਾਰੀ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੋਕਾਂ ਦੀ ਹਰ ਸਮੱਸਿਆ ਨੂੰ ਹੱਲ ਕਰਨਾ ਪਾਰਟੀ ਤੇ ਸਰਕਾਰ ਦੀ ਪਹਿਲ ਹੈ, ਉਨ੍ਹਾਂ ਨਾਲ ਮੀਟਿੰਗਾਂ 'ਚ ਜ਼ਿਲ੍ਹਾ ਮੀਡੀਆ ਇੰਚਾਰਜ ਮੇਲਾ ਸਿੰਘ ਰੁੜਕਾ ਤੇ ਸੰਗਠਨ ਇੰਚਾਰਜ ਸੰਜੇ ਅਟਵਾਲ ਵੀ ਮੌਜੂਦ ਸਨ | ਪ੍ਰਦੀਪ ਦੁੱਗਲ ਨੇ ਕਿਹਾ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀਆਂ ਚੋਣਾਂ 'ਚ ਕੀਤੀਆਂ ਸਾਰੀਆਂ ਗਰੰਟੀਆਂ ਨੂੰ ਇਕ ਇਕ ਕਰਕੇ ਪੂਰੀਆਂ ਕਰ ਰਹੀ ਹੈ, ਲੋਕਾਂ ਦੀਆਂ ਸਮੱਸਿਆਵਾਂ ਨੂੰ ਪੂਰੀ ਤਰ੍ਹਾਂ ਹੱਲ ਕਰਨ ਲਈ ਵਚਨਬੱਧਤਾ ਨਾਲ ਕੰਮ ਕੀਤਾ ਜਾ ਰਿਹਾ ਹੈ | ਹਾਲ ਹੀ ਵਿਚ ਹੋਈਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਵੋਟਰਾਂ ਵਲੋਂ ਮਿਲੇ ਸਮਰਥਨ ਲਈ ਉਨ੍ਹਾਂ ਆਖਿਆ ਕਿ ਇਹ ਜਿੱਤ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿਚ ਮੀਲ ਪੱਥਰ ਸਾਬਤ ਹੋਵੇਗੀ | ਮੀਡੀਆ ਇੰਚਾਰਜ ਮੇਲਾ ਸਿੰਘ ਰੁੜਕਾ ਅਤੇ ਸੰਗਠਨ ਸੰਜੇ ਅਟਵਾਲ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਪਾਰਟੀ ਵਰਕਰਾਂ ਨੂੰ ਲੋਕਾਂ ਨਾਲ ਜੁੜੇ ਰਹਿਣ ਅਤੇ ਸਰਕਾਰੀ ਯੋਜਨਾਵਾਂ ਨੂੰ ਘਰ ਘਰ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ |