ਜਲੰਧਰ, 24 ਦਸੰਬਰ (ਸ਼ਿਵ)-ਬਰਲਟਨ ਪਾਰਕ 'ਚ 77 ਕਰੋੜ ਦੀ ਲਾਗਤ ਨਾਲ ਸਪੋਰਟਸ ਹੱਬ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਉੱਥੇ ਕੁੱਝ ਦਿਨ ਪਹਿਲਾਂ ਪੁਰਾਣੇ ਦਰੱਖਤਾਂ ਨੂੰ ਕੱਟਣ ਦਾ ਮਾਮਲਾ ਹਾਈਕੋਰਟ ਵਿਚ ਪੁੱਜ ਗਿਆ ਸੀ ਕਿਉਂਕਿ ਸੀਨੀਅਰ ਸਿਟੀਜ਼ਨ ਵਲੋਂ ਇਸ ਮਾਮਲੇ ਵਿਚ ਪਹਿਲਾਂ ਵੀ ਪਟੀਸ਼ਨ ਪਾਈ ਗਈ ਸੀ ਪਰ ਜਦੋਂ ਕੁੱਝ ਦਿਨ ਪਹਿਲਾਂ ਤਾਜ਼ਾ ਦਰੱਖਤਾਂ ਨੂੰ ਕੱਟਣ ਦੀ ਪਟੀਸ਼ਨ ਪਾਈ ਗਈ ਸੀ ਤਾਂ ਉਸ ਬਾਰੇ ਹਾਈਕੋਰਟ 'ਚ ਇਸ ਮਾਮਲੇ ਵਿਚ ਅੱਜ ਸੁਣਵਾਈ ਹੋਈ | ਮੋਹਾਲੀ ਵਿਚ ਵੀ ਕਿਸੇ ਪ੍ਰਾਜੈਕਟ ਬਾਰੇ ਸੈਂਕੜੇ ਦਰੱਖਤਾਂ ਨੂੰ ਕੱਟਣ ਬਾਰੇ ਪਟੀਸ਼ਨ ਹਾਈਕੋਰਟ 'ਚ ਦਾਖਲ ਕੀਤੀ ਗਈ ਸੀ ਜਿਸ 'ਤੇ ਹਾਈਕੋਰਟ ਵਿਚ ਆਦੇਸ਼ ਜਾਰੀ ਕੀਤੇ ਗਏ ਹਨ ਕਿ ਅਗਲੇ ਹੁਕਮਾਂ ਤੱਕ ਸੂਬੇ ਭਰ ਵਿਚ ਕੋਈ ਵੀ ਨਵਾਂ ਦਰੱਖ਼ਤ ਨਹੀਂ ਕੱਟਿਆ ਜਾ ਸਕੇਗਾ ਤੇ ਇਸ ਫ਼ੈਸਲੇ ਨਾਲ ਬਰਲਟਨ ਪਾਰਕ ਦੇ ਨਾਲ ਰਹਿਣ ਵਾਲੇ ਲੋਕਾਂ ਨੂੰ ਵੀ ਰਾਹਤ ਮਿਲੇਗੀ ਜਿਨ੍ਹਾਂ ਨੇ ਬਰਲਟਨ ਪਾਰਕ ਵਿਚ ਦਰੱਖਤਾਂ ਨੂੰ ਕੱਟਣ ਬਾਰੇ ਪਟੀਸ਼ਨ ਦਾਖਲ ਕੀਤੀ ਗਈ ਸੀ ਕਿ ਇਸ ਜਗ੍ਹਾ 'ਤੇ ਹੋਰ ਕੋਈ ਦਰੱਖ਼ਤ ਨਾ ਕੱਟਿਆ ਜਾਵੇ | ਇਹ ਵੀ ਦੱਸਿਆ ਜਾਂਦਾ ਹੈ ਕਿ ਸਪੋਰਟਸ ਹੱਬ ਲਈ ਚਾਹੇ ਹੁਣ ਕੋਈ ਨਵਾਂ ਦਰੱਖ਼ਤ ਨਹੀਂ ਕੱਟਿਆ ਜਾਣਾ ਹੈ ਪਰ ਇਸ ਦੇ ਬਾਵਜੂਦ ਮੋਹਾਲੀ ਦੀ ਪਟੀਸ਼ਨ 'ਤੇ ਆਏ ਫ਼ੈਸਲੇ ਨਾਲ ਸੂਬੇ ਭਰ ਵਿਚ ਅਗਲੀ ਤਾਰੀਖ਼ ਤੱਕ ਦਰੱਖਤਾਂ ਨੂੰ ਕੱਟਣ ਦੇ ਮਾਮਲੇ 'ਚ ਵਾਤਾਵਰਨ ਪ੍ਰੇਮੀਆਂ ਨੂੰ ਜ਼ਰੂਰ ਰਾਹਤ ਮਿਲੀ ਹੈ | ਬਰਲਟਨ ਪਾਰਕ 'ਚ ਸੈਂਕੜੇ ਦਰੱਖਤਾਂ ਨੂੰ ਬਚਾਉਣ ਲਈ ਲੰਬੇ ਸਮੇਂ ਤੋਂ ਲੋਕਾਂ ਵਲੋਂ ਸੰਘਰਸ਼ ਕੀਤਾ ਜਾਂਦਾ ਰਿਹਾ ਹੈ ਤੇ ਅੱਜ ਦੀ ਜਾਰੀ ਹੋਈ ਤਾਜ਼ਾ ਹਦਾਇਤ ਮੁਤਾਬਿਕ ਤਾਂ ਨਿਗਮ ਲਈ ਹੁਣ ਦਰੱਖਤਾਂ ਨੂੰ ਕੱਟਣਾ ਆਸਾਨ ਨਹੀਂ ਹੋਵੇਗਾ ਕਿਉਂਕਿ ਹੁਣ ਅਗਲੀ ਸੁਣਵਾਈ ਤੱਕ ਫ਼ਿਲਹਾਲ ਦਰੱਖਤਾਂ ਨੂੰ ਕੱਟਣ 'ਤੇ ਰੋਕ ਲਗਾਈ ਗਈ ਹੈ | ਉਂਜ ਵੀ ਸੂਬੇ 'ਚ ਘੱਟ ਰਹੇ ਦਰੱਖਤਾਂ ਕਰਕੇ ਲੋਕਾਂ ਵਲੋਂ ਚਿੰਤਾ ਪ੍ਰਗਟਾਈ ਜਾਂਦੀ ਰਹੀ ਹੈ | ਬਰਲਟਨ ਪਾਰਕ ਵਿਚ ਸਪੋਰਟਸ ਹੱਬ ਬਣਾਉਣ ਦਾ ਪ੍ਰਾਜੈਕਟ 17 ਸਾਲਾਂ ਤੋਂ ਚੱਲਦਾ ਆ ਰਿਹਾ ਸੀ ਤਾਂ ਕਾਫ਼ੀ ਸਾਲ ਤੱਕ ਇਹ ਪ੍ਰਾਜੈਕਟ ਬੰਦ ਰਿਹਾ ਸੀ | 17 ਸਾਲ ਪਹਿਲਾਂ ਵੀ ਜਦੋਂ ਪ੍ਰਾਜੈਕਟ ਸ਼ੁਰੂ ਕੀਤਾ ਜਾਣਾ ਚਾਹੀਦਾ ਸੀ ਤਾਂ ਗਰੀਨ ਬੈਲਟ 'ਚ ਦਰੱਖਤਾਂ ਨੂੰ ਕੱਟਣ ਦੀ ਲੋਕਾਂ ਵਲੋਂ ਹਾਈ ਕੋਰਟ ਵਿਚ ਸ਼ਿਕਾਇਤ ਕੀਤੀ ਗਈ ਸੀ | ਉਸ ਵੇਲੇ ਵੀ ਹਾਈ ਕੋਰਟ ਨੇ ਦਰੱਖਤਾਂ ਨੂੰ ਕੱਟਣ ਦੇ ਮਾਮਲੇ 'ਚ ਅਹਿਮ ਹਦਾਇਤ ਦਿੱਤੀ ਸੀ | ਉਂਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਹਦਾਇਤ ਕਰਕੇ ਹੀ ਬਰਲਟਨ ਪਾਰਕ ਦੇ 100 ਸਾਲ ਤੋਂ ਵੀ ਪੁਰਾਣੇ ਦਰੱਖ਼ਤ ਹੁਣ ਤੱਕ ਬਚੇ ਹੋਏ ਹਨ ਜਿਨ੍ਹਾਂ ਤੋਂ ਲੋਕਾਂ ਨੂੰ ਸਾਫ਼ ਆਕਸੀਜਨ ਮਿਲਦੀ ਹੈ | ਬਰਲਟਨ ਪਾਰਕ ਜਲੰਧਰ ਦੀ ਸਭ ਤੋਂ ਪੁਰਾਣੀ ਥਾਂ ਹੈ ਜਿੱਥੇ ਕਿ ਸਭ ਤੋਂ ਜ਼ਿਆਦਾ ਦਰੱਖ਼ਤ ਹਨ ਤੇ ਇਸ ਥਾਂ 'ਤੇ ਸੈਂਕੜੇ ਲੋਕ ਰੋਜ਼ਾਨਾ ਸੈਰ ਕਰਨ ਲਈ ਆਉਂਦੇ ਹਨ | ਕੁੱਝ ਮਹੀਨੇ ਪਹਿਲਾਂ ਹੀ ਬਰਲਟਨ ਪਾਰਕ 'ਚ ਦਰੱਖਤਾਂ ਦਾ ਮਾਮਲਾ ਉਸ ਵੇਲੇ ਭਖ ਗਿਆ ਸੀ ਜਦੋਂ ਨਿਗਮ ਨੇ 58 ਦਰੱਖਤਾਂ ਨੂੰ ਕੱਟਣ ਲਈ ਬੋਲੀ ਨੋਟਿਸ ਦਿੱਤਾ ਸੀ ਪਰ ਬੋਲੀ ਵਾਲੇ ਦਿਨ ਇਲਾਕੇ ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਸੀ ਤਾਂ ਬੋਲੀ ਰੱਦ ਕੀਤੀ ਗਈ ਸੀ ਤਾਂ ਬਾਅਦ ਵਿਚ ਇਹ ਮਾਮਲਾ ਦੁਬਾਰਾ ਹਾਈਕੋਰਟ ਵਿਚ ਚਲਿਆ ਗਿਆ ਸੀ | ਦੂਜੇ ਪਾਸੇ ਪ੍ਰਸ਼ਾਸਨ ਨੇ ਵੀ 77 ਕਰੋੜ ਦੇ ਸਪੋਰਟਸ ਹੱਬ ਦੇ ਪ੍ਰਾਜੈਕਟ ਨੂੰ ਤੇਜ਼ੀ ਨਾਲ ਪੂਰਾ ਕਰਵਾਉਣ ਲਈ ਅਹਿਮ ਹਦਾਇਤਾਂ ਦਿੱਤੀਆਂ ਹਨ ਕਿਉਂਕਿ ਜਿੱਥੇ ਇਹ ਪ੍ਰਾਜੈਕਟ 17 ਸਾਲਾਂ ਤੋਂ ਬੰਦ ਸੀ ਤਾਂ ਇਸ ਨੂੰ ਮੇਅਰ ਵਨੀਤ ਧੀਰ ਸਮੇਤ ਆਮ ਆਦਮੀ ਪਾਰਟੀ ਦੇ ਹੋਰ ਆਗੂਆਂ ਦੇ ਯਤਨਾਂ ਕਰਕੇ ਪੰਜਾਬ ਸਰਕਾਰ ਦੀ ਹਦਾਇਤ 'ਤੇ ਦੁਬਾਰਾ ਸ਼ੁਰੂ ਕਰਵਾਇਆ ਸੀ | ਇਸ ਪ੍ਰਾਜੈਕਟ ਦੇ ਪੂਰਾ ਹੋਣ ਨਾਲ ਸ਼ਹਿਰ ਦੇ ਖੇਡ ਸਨਅਤ ਤੇ ਖੇਡ ਸਰਗਰਮੀਆਂ ਵਿਚ ਹੋਰ ਤੇਜ਼ੀ ਆਏਗੀ | ਇਸ ਪ੍ਰਾਜੈਕਟ ਦਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਉਦਘਾਟਨ ਕੀਤਾ ਗਿਆ ਸੀ |