ਮਕਸੂਦਾਂ, 26 ਦਸੰਬਰ (ਸੌਰਵ ਮਹਿਤਾ)-ਜਲੰਧਰ ਦੇ ਬੁਲੰਦਪੁਰ ਇਲਾਕੇ 'ਚ ਕਮਿਸ਼ਨਰੇਟ ਪੁਲਿਸ ਵਲੋਂ ਹੈਰੀ ਚੱਠਾ ਗਰੋਹ ਦੇ ਮੁੱਖ ਸ਼ੂਟਰਾਂ ਨਾਲ ਹੋਏ ਮੁਕਾਬਲੇ ਦੌਰਾਨ ਇਕ ਸ਼ੂਟਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਪੁਲਿਸ ਦੀ ਗੋਲੀ ਲੱਗਣ ਨਾਲ ਸ਼ੂਟਰ ਤੇਜਬੀਰ ਸਿੰਘ ਉਰਫ਼ 'ਤੇਜੀ' ਦੀ ਲੱਤ ਦੀ ਹੱਡੀ ਟੁੱਟ ਗਈ, ਜਦਕਿ ਵੱਧ ਖ਼ੂਨ ਵਹਿਣ ਕਾਰਨ ਉਸ ਦੀ ਹਾਲਤ ਨਾਜ਼ੁਕ ਬਣੀ ਰਹੀ | ਸਿਵਲ ਹਸਪਤਾਲ ਦੇ ਡਾਕਟਰਾਂ ਨੇ ਮੁੱਢਲਾ ਇਲਾਜ ਕਰਨ ਉਪਰੰਤ ਉਸ ਨੰੂ ਅੰਮਿ੍ਤਸਰ ਰੈਫ਼ਰ ਕਰ ਦਿੱਤਾ, ਜਿੱਥੇ ਹੁਣ ਪੁਲਿਸ ਕਸਟੱਡੀ ਹੇਠ ਉਸ ਦਾ ਇਲਾਜ ਚੱਲ ਰਿਹਾ ਹੈ | ਦੂਜੇ ਪਾਸੇ, ਮੁਕਾਬਲੇ ਵਿਚ ਜ਼ਖ਼ਮੀ ਹੋਇਆ ਸ਼ੂਟਰ ਅਰਸ਼ਦੀਪ ਸਿੰਘ ਸਿਵਲ ਹਸਪਤਾਲ ਜਲੰਧਰ ਵਿਚ ਦਾਖ਼ਲ ਹੈ, ਜਿੱਥੇ ਉਸ ਦਾ ਇਲਾਜ ਜਾਰੀ ਹੈ | ਦੋਵਾਂ ਦੀ ਸਿਹਤ ਵਿਚ ਸੁਧਾਰ ਨਾ ਹੋਣ ਕਾਰਨ ਹਾਲੇ ਤੱਕ ਉਨ੍ਹਾਂ ਦੀ ਗਿ੍ਫ਼ਤਾਰੀ ਦਰਜ ਨਹੀਂ ਕੀਤੀ ਜਾ ਸਕੀ, ਜਿਸ ਕਰ ਕੇ ਪੁਲਿਸ ਵਲੋਂ ਵਿਸਥਾਰ ਨਾਲ ਪੁੱਛਗਿੱਛ ਵੀ ਸ਼ੁਰੂ ਨਹੀਂ ਹੋ ਸਕੀ | ਪੁਲਿਸ ਨੇ ਦੋਵਾਂ ਸ਼ੂਟਰਾਂ ਦੇ ਮੋਬਾਈਲ ਫ਼ੋਨ ਕਬਜ਼ੇ 'ਚ ਲੈ ਕੇ ਉਨ੍ਹਾਂ ਦੇ ਸੰਪਰਕ ਅਤੇ ਲਿੰਕ ਖੰਗਾਲਨੇ ਸ਼ੁਰੂ ਕਰ ਦਿੱਤੇ ਹਨ | ਥਾਣਾ ਡਿਵੀਜ਼ਨ ਨੰਬਰ 8 ਦੇ ਮੁਖੀ ਸਾਹਿਲ ਚੌਧਰੀ ਨੇ ਦੱਸਿਆ ਕਿ ਪੁੱਛਗਿੱਛ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਦੋਵੇਂ ਸ਼ੂਟਰ ਜਲੰਧਰ ਕਿਸ ਟਾਰਗੇਟ ਨੂੰ ਅੰਜਾਮ ਦੇਣ ਲਈ ਆਏ ਸਨ | ਮੁੱਢਲੀ ਜਾਣਕਾਰੀ ਅਨੁਸਾਰ ਦੋਵੇਂ ਫਗਵਾੜਾ 'ਚ ਕਿਸੇ ਦੇ ਠਹਿਰੇ ਹੋਏ ਸਨ | ਜ਼ਿਕਰਯੋਗ ਹੈ ਕਿ ਸੀ.ਆਈ.ਏ. ਸਟਾਫ਼ ਅਤੇ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਬੁਲੰਦਪੁਰ ਵਿਚ ਮੋਟਰਸਾਈਕਲ ਸਵਾਰ 2 ਸ਼ੂਟਰਾਂ ਨੂੰ ਕਾਬੂ ਕਰਨ ਲਈ ਟ੍ਰੈਪ ਲਗਾਇਆ ਹੋਇਆ ਸੀ | ਜਿਵੇਂ ਹੀ ਪੁਲਿਸ ਨੇ ਮੋਟਰਸਾਈਕਲ ਸਵਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਦੋਸ਼ੀਆਂ ਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ | ਇਸ ਦੌਰਾਨ ਰਮਨੀਕ ਐਵੇਨਿਊ ਤੋਂ ਬੁਲੰਦਪੁਰ ਰੋਡ ਤੱਕ ਲਗਭਗ 15 ਰਾਊਾਡ ਫਾਇਰਿੰਗ ਹੋਈ, ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਦੋਵੇਂ ਸ਼ੂਟਰਾਂ ਨੂੰ ਕਾਬੂ ਕਰ ਲਿਆ |