17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਜੌਗਰਫ਼ੀ ਟੀਚਰਜ਼ ਯੂਨੀਅਨ ਦੀ ਡਾਇਰੈਕਟਰ ਸਿੱਖਿਆ ਨਾਲ ਹੋਈ ਮੀਟਿੰਗ

Ad Position 21
No active advertisement
ਅਜੀਤ ਡੈਸਕ 02-06-2025
ਸ੍ਰੀ ਮੁਕਤਸਰ ਸਾਹਿਬ, 1 ਜੂਨ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵਲੋਂ ਅਗਸਤ 2018 ਦੇ ਗਜ਼ਟ ਨੋਟੀਫ਼ਿਕੇਸ਼ਨ ਅਨੁਸਾਰ ਸਕੂਲ ਲੈਕਚਰਾਰਾਂ ਦੀਆਂ ਕੁੱਲ ਮਨਜ਼ੂਰਸ਼ੁਦਾ 13,252 ਆਸਾਮੀਆਂ ਵਿਚ ਜੌਗਰਫ਼ੀ (ਭੂਗੋਲ) ਲੈਕਚਰਾਰਾਂ ਦੀਆਂ ਕੇਵਲ 357 ਆਸਾਮੀਆਂ ਹੋਣ ਕਰਕੇ ਉਸ ਵਿਚੋਂ ਵੀ ਖ਼ਾਲੀ 128 ਆਸਾਮੀਆਂ ਨੂੰ ਸਕੂਲ ਸਿੱਖਿਆ ਵਿਭਾਗ (ਸੈਕੰਡਰੀ) ਪੰਜਾਬ ਦੁਆਰਾ ਈ-ਪੰਜਾਬ ਪੋਰਟਲ 'ਤੇ ਨਾ ਦਰਸਾਉਣ ਕਰਕੇ ਇਸ ਵਿਸ਼ੇ ਦੇ ਅਧਿਆਪਕਾਂ ਦੀਆਂ ਤਰੱਕੀਆਂ ਵਿਚ ਰੁਕਾਵਟ ਆਉਣ, ਸਿੱਧੀ ਭਰਤੀ ਤੇ ਬਦਲੀਆਂ ਸਮੇਂ ਸਟੇਸ਼ਨ ਸ਼ੋਅ ਨਾ ਹੋਣ ਕਾਰਨ ਆ ਰਹੀਆਂ ਸਮੱਸਿਆਵਾਂ, ਪੰਜਾਬ ਦੇ 2000 ਸੈਕੰਡਰੀ ਸਕੂਲਾਂ ਵਿਚੋਂ 1771 ਸਕੂਲਾਂ ਦੇ ਵਿਦਿਆਰਥੀਆਂ ਦਾ ਭੂਗੋਲ ਵਿਸ਼ੇ ਦੇ ਗਿਆਨ ਤੋਂ ਵਾਂਝੇ ਹੋਣਾ ਅਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਤੇ ਜਨਰਲ ਸਕੱਤਰ ਦਿਲਬਾਗ ਸਿੰਘ ਲਾਪਰਾਂ ਦੀ ਅਗਵਾਈ ਵਿਚ ਵਫ਼ਦ ਨੇ ਗੁਰਿੰਦਰ ਸਿੰਘ ਸੋਢੀ ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰ.) ਪੰਜਾਬ, ਸਹਾਇਕ ਡਾਇਰੈਕਟਰ ਪਰਮਿੰਦਰ ਕੌਰ ਚਾਹਲ ਅਤੇ ਪੀ.ਏ. ਭਾਰਤ ਭੂਸ਼ਨ ਨਾਲ ਮੀਟਿੰਗ ਕੀਤੀ | ਮੀਟਿੰਗ ਦੌਰਾਨ ਜਥੇਬੰਦੀ ਨੇ ਧਿਆਨ ਵਿਚ ਲਿਆਂਦਾ ਕਿ ਲੈਕਚਰਾਰਾਂ ਦੀਆਂ ਆਸਾਮੀਆਂ ਦੀ ਰਚਨਾ ਸਮੇਂ ਸਿੱਖਿਆ ਵਿਭਾਗ ਵਲੋਂ ਯੋਗ ਤੇ ਸਹੀ ਮਾਪਦੰਡ ਨਾ ਅਪਣਾਉਣ ਕਰਕੇ ਲੈਕਚਰਾਰਾਂ ਦੀਆਂ ਆਸਾਮੀਆਂ ਦੀ ਵਿਸਥਾਰ ਵੰਡ 'ਚ ਅਸੰਤੁਲਨ ਪੈਦਾ ਹੋਇਆ ਹੈ | ਸੋਸ਼ਲ ਸਾਇੰਸ ਵਿਚ ਮੈਟਿ੍ਕ ਪੱਧਰ ਤੱਕ 30-30 ਫ਼ੀਸਦੀ ਪਾਠਕ੍ਰਮ ਜੌਗਰਫ਼ੀ (ਭੂਗੋਲ) ਅਤੇ ਹਿਸਟਰੀ, 20-20 ਫ਼ੀਸਦੀ ਇਕਨਾਮਿਕਸ ਤੇ ਰਾਜਨੀਤੀ ਸ਼ਾਸ਼ਤਰ ਦਾ ਪੜ੍ਹਾਈ ਜਾਂਦਾ ਹੈ, ਪ੍ਰੰਤੂ 12ਵੀਂ ਪੱਧਰ 'ਤੇ ਲੈਕਚਰਾਰਾਂ ਦੀਆਂ ਆਸਾਮੀਆਂ ਦੀ ਵਿਸ਼ਾਵਾਰ ਵੰਡ ਸਮੇਂ ਜੌਗਰਫ਼ੀ ਵਿਸ਼ੇ ਨਾਲ ਵਿਤਕਰਾ ਕਰਦੇ ਹੋਏ ਹਿਸਟਰੀ ਦੀਆਂ 1448, ਰਾਜਨੀਤੀ ਸ਼ਾਸਤਰ ਦੀਆਂ 1425, ਅਰਥ ਸ਼ਾਸਤਰ ਨੂੰ 1193 ਅਤੇ ਜੌਗਰਫ਼ੀ ਦੀਆਂ ਕੇਵਲ 357 ਆਸਾਮੀਆਂ ਮਨਜ਼ੂਰ ਕੀਤੀਆਂ ਗਈਆਂ | ਬਹੁਤ ਹੀ ਸੁਖਾਵੇਂ ਮਾਹੌਲ ਵਿਚ ਹੋਈ ਮੀਟਿੰਗ 'ਚ ਡਾਇਰੈਕਟਰ ਨੇ ਜਥੇਬੰਦੀ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜੌਗਰਫ਼ੀ ਲੈਕਚਰਾਰਾਂ ਦੀਆਂ ਖ਼ਾਲੀ 128 ਆਸਾਮੀਆਂ ਨੂੰ ਬਹਾਲ ਕਰਨ ਦੀ ਜ਼ਿੰਮੇਵਾਰੀ ਸਹਾਇਕ ਡਾਇਰੈਕਟਰ ਪਰਮਿੰਦਰ ਕੌਰ ਚਾਹਲ ਦੀ ਲਗਾਈ | ਵਿਚਾਰ-ਵਟਾਂਦਰੇ ਦੌਰਾਨ ਡਾਇਰੈਕਟਰ ਨੇ 118 ਸਕੂਲ ਆਫ਼ ਐਮੀਨੈਂਸ ਅਤੇ 174 ਪੀ.ਐੱਮ. ਸ੍ਰੀ ਸਕੂਲਾਂ ਵਿਚ ਜੌਗਰਫੀ ਲੈਕਚਰਾਰਾਂ ਦੀਆਂ ਆਸਾਮੀਆਂ ਦੇਣ ਦਾ ਹਾਂਪੱਖੀ ਹੁੰਗਾਰਾ ਭਰਿਆ | ਵੱਡੀ ਗਿਣਤੀ ਵਾਲੇ ਸ਼ਹਿਰੀ ਤੇ ਪੇਂਡੂ ਸਕੂਲਾਂ ਵਿਚ ਜੌਗਰਫ਼ੀ ਲੈਕਚਰਾਰਾਂ ਦੀਆਂ ਆਸਾਮੀਆਂ ਦੇਣ 'ਤੇ ਵੀ ਵਿਚਾਰ ਹੋਇਆ | ਮੀਟਿੰਗ ਵਿਚ ਸਹਿਮਤੀ ਬਣੀ ਕਿ 2018 ਤੋਂ ਪਹਿਲਾਂ ਉਨ੍ਹਾਂ ਸਕੂਲਾਂ ਦੇ ਵੇਰਵੇ ਇਕੱਤਰ ਕੀਤੇ ਜਾਣ, ਜਿੱਥੇ ਜੌਗਰਫ਼ੀ ਲੈਕਚਰਾਰਾਂ ਦੀਆਂ ਆਸਾਮੀਆਂ ਮਨਜ਼ੂਰ ਸਨ ਅਤੇ ਵਿਦਿਆਰਥੀ ਪੜ੍ਹਦੇ ਸਨ ਤੇ ਆਸਾਮੀ ਖ਼ਤਮ ਕਰ ਦਿੱਤੀ ਗਈ ਹੈ ਅਤੇ ਮੌਜੂਦਾ ਸਮੇਂ ਜਿੱਥੇ ਬਿਨਾਂ ਮਨਜ਼ੂਰ ਆਸਾਮੀ ਤੋਂ ਵਿਦਿਆਰਥੀ ਜੌਗਰਫ਼ੀ ਵਿਸ਼ਾ ਪੜ੍ਹਦੇ ਹਨ ਤਾਂ ਜੋ ਇਸ ਸਭ ਦੀ ਸਮੀਖਿਆ ਹੋ ਸਕੇ ਅਤੇ ਜੌਗਰਫ਼ੀ ਲੈਕਚਰਾਰਾਂ ਦੀਆਂ ਆਸਾਮੀਆਂ ਦੇਣ 'ਤੇ ਡੂੰਘਾ ਵਿਚਾਰ ਕੀਤਾ ਜਾ ਸਕੇ | ਇਸ ਮੌਕੇ ਦਿਲਬਾਗ ਸਿੰਘ ਲਾਪਰਾਂ ਲੁਧਿਆਣਾ, ਹਰਜੋਤ ਸਿੰਘ ਬਰਾੜ ਫ਼ਰੀਦਕੋਟ, ਮਨਦੀਪ ਸਿੰਘ ਸ੍ਰੀ ਮੁਕਤਸਰ ਸਾਹਿਬ, ਗਗਨਦੀਪ ਸਿੰਘ ਸੰਧੂ ਫ਼ਰੀਦਕੋਟ, ਗੁਰਸੇਵਕ ਸਿੰਘ ਅਨੰਦਪੁਰ ਸਾਹਿਬ, ਤੇਜਵਿੰਦਰ ਸਿੰਘ ਅੰਮਿ੍ਤਸਰ, ਜਸਮੇਲ ਸਿੰਘ ਜਲੰਧਰ, ਸਰਬਜੀਤ ਸਿੰਘ ਸੰਗਰੂਰ, ਤਰਵਿੰਦਰ ਸਿੰਘ ਪਟਿਆਲਾ ਅਤੇ ਪਰਮਜੀਤ ਸਿੰਘ ਮੁਹਾਲੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਟਾਂਕ ਕਸ਼ੱਤਰੀ ਸਭਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਅਗਲੀ ਖ਼ਬਰ ਸਾਈਬਰ ਸੁਰੱਖਿਆ ਅਤੇ ਮਾਨਸਿਕ ਸਿਹਤ ਵਿਸ਼ਿਆਂ 'ਤੇ ਵਰਕਸ਼ਾਪ ਲਗਾਈ
Ad Position 24