ਮੋਗਾ, 1 ਜੂਨ (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਪਿ੍ੰਸੀਪਲ ਸਤਵਿੰਦਰ ਕੌਰ, ਵਾਈਸ ਪਿ੍ੰਸੀਪਲ ਅਮਨਦੀਪ ਗਿਰਧਰ, ਮੈਡਮ ਹਰਪ੍ਰੀਤ ਕੌਰ (ਸਲਾਹਕਾਰ) ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਧਿਆਪਕਾਂ ਲਈ ਸਾਈਬਰ ਸੁਰੱਖਿਆ ਅਤੇ ਮਾਨਸਿਕ ਸਿਹਤ ਵਰਗੇ ਵਿਸ਼ਿਆਂ 'ਤੇ ਵਰਕਸ਼ਾਪ ਲਗਾਈ ਗਈ | ਸਾਈਬਰ ਸੁਰੱਖਿਆ ਤੇ ਡਰ ਵਿਸ਼ੇ ਦੀ ਵਰਕਸ਼ਾਪ ਸਕੂਲ ਦੇ ਆਈ.ਟੀ. ਅਧਿਆਪਕ ਮੀਨੂੰ ਬਾਲਾ ਅਤੇ ਸੰਦੀਪ ਸ਼ਰਮਾ ਵਲੋਂ ਸਾਂਝੇ ਤੌਰ 'ਤੇ ਲਗਾਈ ਗਈ | ਉਨ੍ਹਾਂ ਆਪਣੀ ਇਸ ਵਰਕਸ਼ਾਪ ਵਿਚ ਸੋਸ਼ਲ ਮੀਡੀਆ ਦੀ ਸੁਚੇਤ ਵਰਤੋਂ ਕਰਨ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਅੱਜ ਕੱਲ੍ਹ ਸਾਈਬਰ ਠੱਗਾਂ ਦੁਆਰਾ ਵੱਖ-ਵੱਖ ਕਿਸਮ ਦੀਆਂ ਠੱਗੀਆਂ ਆਮ ਜਨਤਾ ਨਾਲ ਕੀਤੀਆਂ ਜਾਂਦੀਆਂ ਹਨ ਅਤੇ ਕਿਸ ਤਰ੍ਹਾਂ ਸਾਈਬਰ ਜੁਰਮ ਕੀਤੇ ਜਾਂਦੇ ਹਨ | ਇਸ ਤੋਂ ਬਾਅਦ ਉਨ੍ਹਾਂ ਨੇ ਸਾਈਬਰ ਸੁਰੱਖਿਆ ਦੇ ਵਾਸਤੇ ਵੱਖ-ਵੱਖ ਨੁਕਤੇ ਸਾਂਝੇ ਕੀਤੇ ਕਿ ਕਿਸ ਤਰ੍ਹਾਂ ਅਸੀਂ ਆਪਣਾ ਇਕ ਵਿਸ਼ੇਸ਼ ਪਾਸਵਰਡ ਲਗਾ ਕੇ ਇਨ੍ਹਾਂ ਸਾਈਬਰ ਠੱਗਾਂ ਤੋਂ ਬਚ ਸਕਦੇ ਹਾਂ ਅਤੇ ਕਿਸੇ ਨਾਲ ਵੀ ਆਪਣਾ ਓ.ਟੀ.ਪੀ. ਸਾਂਝਾ ਨਹੀਂ ਕਰਨਾ ਚਾਹੀਦਾ | ਇਸ ਤੋਂ ਬਾਅਦ ਸਕੂਲ ਵਲੋਂ ਨਿਯੁਕਤ ਕੀਤੇ ਗਏ ਕੌਂਸਲਰ ਮੈਡਮ ਐਨ. ਕਮਲਜੋਤ ਕੌਰ ਵਲੋਂ ਮਾਨਸਿਕ ਸਿਹਤ ਵਿਸ਼ੇ 'ਤੇ ਵਰਕਸ਼ਾਪ ਲਗਾਈ ਜਿਸ ਵਿਚ ਉਨ੍ਹਾਂ ਨੇ ਵਿਦਿਆਰਥੀਆਂ ਅੰਦਰ ਵਧਦੇ ਤਣਾਅ ਨੂੰ ਘੱਟ ਕਰਨ ਲਈ ਮਾਨਸਿਕ ਸਿਹਤ ਸਬੰਧੀ ਕਈ ਨੁਕਤੇ ਸਾਂਝੇ ਕੀਤੇ | ਇਸ ਮੌਕੇ ਅਧਿਆਪਕਾਂ ਨੂੰ ਇਕ ਲਘੂ ਫ਼ਿਲਮ ਵੀ ਵਿਖਾਈ ਗਈ | ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ 98 ਅਤੇ ਸੈਕਰਡ ਹਾਰਟ ਕਾਨਵੈਂਟ ਸਕੂਲ ਧੂੜਕੋਟ ਕਲਾਂ ਦੇ 28 ਅਧਿਆਪਕਾਂ ਨੇ ਇਸ ਵਰਕਸ਼ਾਪ 'ਚ ਹਿੱਸਾ ਲਿਆ | ਪਿ੍ੰਸੀਪਲ ਸਤਵਿੰਦਰ ਕੌਰ, ਵਾਈਸ ਪਿ੍ੰਸੀਪਲ ਅਮਨਦੀਪ ਗਿਰਧਰ ਅਤੇ ਪੂਰੇ ਸਟਾਫ਼ ਨੇ ਦੋਵੇਂ ਵਰਕਸ਼ਾਪ ਨੂੰ ਪੂਰਾ ਲਾਹੇਵੰਦ ਦੱਸਿਆ ਅਤੇ ਵਰਕਸ਼ਾਪ ਲਗਾਉਣ 'ਤੇ ਮੈਡਮ ਮੀਨੂੰ ਬਾਲਾ, ਸੰਦੀਪ ਸ਼ਰਮਾ ਅਤੇ ਐਨ ਕਮਲਜੋਤ ਕੌਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ |