ਸ੍ਰੀ ਮੁਕਤਸਰ ਸਾਹਿਬ, 4 ਜੂਨ (ਸੁਖਪਾਲ ਸਿੰਘ ਢਿੱਲੋਂ)-ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਰਤਨਦੀਪ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦੇਸ਼ ਵਿਚ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਦਿੱਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਇਹ ਐਵਾਰਡ ਉਨ੍ਹਾਂ ਬੱਚਿਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਬਹਾਦਰੀ ਦੇ ਨਾਲ ਦੂਜਿਆਂ ਲਈ ਕੰਮ ਕੀਤੇ ਹਨ, ਛੋਟੇ ਬੱਚਿਆਂ ਲਈ ਰੋਲ ਮਾਡਲ ਹਨ ਜਾਂ ਖੇਡਾਂ ਦੇ ਖੇਤਰਾਂ ਵਿਚ, ਸਮਾਜ ਸੇਵਾ, ਵਿਗਿਆਨ ਅਤੇ ਤਕਨਾਲੋਜੀ, ਵਾਤਾਵਰਣ ਅਤੇ ਕਲਾ 'ਤੇ ਪ੍ਰਭਾਵ ਪਾਇਆ ਹੈ | ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਕੋਈ ਵੀ ਬੱਚਾ ਜੋ 18 ਸਾਲ ਤੋਂ ਘੱਟ ਉਮਰ ਦਾ ਹੈ, ਇਸ ਐਵਾਰਡ ਲਈ ਯੋਗ ਹੈ | ਇਸ ਲਈ ਬੱਚੇ ਨਾਮਜ਼ਦ ਕਰਨ ਲਈ ਆਨਲਾਈਨ ਪੋਰਟਲ 'ਤੇ ਅਪਲਾਈ 31 ਜੁਲਾਈ ਤੱਕ ਕਰ ਸਕਦੇ ਹਨ |