ਸ੍ਰੀ ਮੁਕਤਸਰ ਸਾਹਿਬ, 4 ਜੂਨ (ਸੁਖਪਾਲ ਸਿੰਘ ਢਿੱਲੋਂ)-ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਦੀ ਵਿਸ਼ੇਸ਼ ਮੀਟਿੰਗ ਅੱਜ ਭਾਈ ਮਹਾਂ ਸਿੰਘ ਦੀਵਾਨ ਹਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ | ਮੀਟਿੰਗ ਵਿਚ ਬੋਲਦਿਆਂ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਤੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਲੰਡੇਰੋਡੇ ਨੇ ਕਿਹਾ ਕਿ ਪੰਜਾਬ ਦੇ ਹਰ ਨਾਗਰਿਕ ਨੂੰ ਪੀਣ ਲਈ ਸਾਫ਼ ਪਾਣੀ ਮੁਹੱਈਆ ਕਰਵਾਉਣ ਅਤੇ ਹਰ ਖੇਤ ਤੱਕ ਨਹਿਰੀ ਪਾਣੀ ਪੁੱਜਦਾ ਕਰਵਾਉਣ ਤੋਂ ਇਲਾਵਾ ਪਾਣੀਆਂ ਦਾ ਮਸਲਾ ਰਿਪੇਰੀਅਨ ਸਿਧਾਂਤ ਮੁਤਾਬਿਕ ਹੱਲ ਹੋਵੇ ਆਦਿ ਮੰਗਾਂ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਪੱਧਰ 'ਤੇ ਲਾਮਬੰਦੀ ਕਰਕੇ ਲੋਕ ਲਹਿਰ ਖੜੀ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਕੂੜ ਪ੍ਰਚਾਰ ਕਰਕੇ ਗੁੰਮਰਾਹ ਕਰ ਰਹੀ ਹੈ ਕਿ ਟੇਲਾਂ ਤੱਕ ਪਾਣੀ ਪੁੱਜਦਾ ਕਰ ਦਿੱਤਾ ਗਿਆ ਹੈ | ਜਦਕਿ ਹਕੀਕਤ ਇਸ ਦੇ ਬਿਲਕੁਲ ਉਲਟ ਹੈ | ਪਿਛਲੇ ਕਈ ਮਹੀਨਿਆਂ ਤੋਂ ਪੰਜਾਬ 'ਚ ਬਹੁਤ ਸਾਰੇ ਸੂਏ-ਕੱਸੀਆਂ ਸੁੱਕੇ ਪਏ ਹਨ | ਪਾਣੀ ਨਾ ਛੱਡਣ 'ਤੇ ਮਹਿਕਮੇ ਵਲੋਂ ਲਗਾਤਾਰ ਬਹਾਨੇਬਾਜ਼ੀ ਕੀਤੀ ਗਈ ਕਿ ਸੂਏ, ਕੱਸੀਆਂ ਤੇ ਰਜਬਾਹਿਆਂ ਦੀ ਸਫ਼ਾਈ ਕਰਨੀ ਅਜੇ ਬਾਕੀ ਬਾਕੀ ਹੈ | ਜਦੋਂਕਿ ਸਫ਼ਾਈ ਦਾ ਕੰਮ ਬਹੁਤ ਪਹਿਲਾਂ ਮੁਕੰਮਲ ਕੀਤਾ ਜਾ ਸਕਦਾ ਸੀ | ਜਿੱਥੇ ਨਹਿਰੀ ਪਾਣੀ ਦੀ ਵੱਡੀ ਕਿੱਲਤ ਬਣੀ ਹੋਈ ਹੈ, ਉੱਥੇ ਪੀਣ ਵਾਲੇ ਸਾਫ਼ ਪਾਣੀ ਦਾ ਵੀ ਗੰਭੀਰ ਸੰਕਟ ਬਣਿਆ ਹੋਇਆ ਹੈ | ਜੇਕਰ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਨਾ ਮਿਲਿਆ, ਤਾਂ ਉਹ ਗੰਦਾ ਪਾਣੀ ਪੀਣ ਲਈ ਮਜਬੂਰ ਹੋਣਗੇ | ਇਸ ਮੌਕੇ ਸੀਨੀਅਰ ਆਗੂ ਬਲਵਿੰਦਰ ਸਿੰਘ ਥਾਂਦੇਵਾਲਾ, ਗੁਰਮੀਤ ਸਿੰਘ ਮਰਾੜ੍ਹ ਕਲਾਂ, ਦਵਿੰਦਰ ਸਿੰਘ ਲੁਬਾਣਿਆਂਵਾਲੀ, ਬਲਜੀਤ ਸਿੰਘ ਫ਼ੌਜੀ ਝਬੇਲਵਾਲੀ ਤੇ ਸੁਖਪਾਲ ਸਿੰਘ ਰਾਮਗੜ੍ਹ ਚੂੰਘਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨਾਲ ਸਾਫ਼ ਪਾਣੀ ਪੀਣ ਲਈ ਦੇਣ ਦੇ ਕੀਤੇ ਵਾਅਦੇ ਦੇ ਉਲਟ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਜਲ ਸੋਧ ਐਕਟ 2024 ਨੂੰ 28 ਮਾਰਚ 2025 ਨੂੰ ਪੰਜਾਬ ਦੀ ਵਿਧਾਨ ਸਭਾ ਵਿਚ ਪ੍ਰਵਾਨਗੀ ਦੇ ਦਿੱਤੀ, ਜਿਸ ਅਨੁਸਾਰ ਪਾਣੀ ਪ੍ਰਦੂਸ਼ਿਤ ਕਰਨ ਵਾਲਿਆਂ ਨੂੰ ਹੁਣ ਕੈਦ ਨਹੀਂ ਹੋਵੇਗੀ, ਸਿਰਫ਼ ਜੁਰਮਾਨਾ ਹੀ ਕੀਤਾ ਜਾਵੇਗਾ | ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪਿੰਡ-ਪਿੰਡ ਜਾ ਕੇ ਇਨ੍ਹਾਂ ਮੁੱਦਿਆਂ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਤੇ ਲੋਕ ਲਹਿਰ ਉਸਾਰੀ ਜਾਵੇਗੀ | ਅੰਤ ਵਿਚ ਆਗੂਆਂ ਨੇ ਪਿੰਡ ਗੋਨਿਆਣਾ ਦੇ ਅਧਿਆਪਕ ਨਰਿੰਦਰ ਪਾਲ ਸਿੰਘ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਲਈ 5 ਜੂਨ ਨੂੰ ਬਠਿੰਡਾ ਵਿਖੇ ਐੱਸ.ਐੱਸ.ਪੀ. ਦਫ਼ਤਰ ਮੂਹਰੇ ਲਗਾਏ ਜਾ ਰਹੇ ਧਰਨੇ ਵਿਚ ਵੱਡੀ ਗਿਣਤੀ 'ਚ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ | ਇਸ ਮੌਕੇ ਬਲਾਕ ਆਗੂ ਜਸਪਾਲ ਸਿੰਘ ਚੱਕ ਗਾਂਧਾ ਸਿੰਘ ਵਾਲਾ, ਲੱਖਾ ਸਿੰਘ ਵੜਿੰਗ, ਮੋਹਨ ਸਿੰਘ ਵੜਿੰਗ, ਸਰਬਜੀਤ ਸਿੰਘ ਝਬੇਲਵਾਲੀ, ਜਸਪਾਲ ਸਿੰਘ ਚੱਕ ਬਾਜਾ ਮਰਾੜ੍ਹ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ, ਚੈਨਾ ਸਿੰਘ, ਸੱਤਾ ਸਿੰਘ ਝਬੇਲਵਾਲੀ, ਬਿੱਲੂ ਸਿੰਘ ਖ਼ਾਲਸਾ ਅਤੇ ਅੰਗਰੇਜ਼ ਸਿੰਘ ਗੋਨਿਆਣਾ ਆਦਿ ਆਗੂ ਮੌਜੂਦ ਸਨ |