ਸ੍ਰੀ ਮੁਕਤਸਰ ਸਾਹਿਬ, 4 ਜੂਨ (ਸੁਖਪਾਲ ਸਿੰਘ ਢਿੱਲੋਂ)-ਪਿਛਲੇ ਦੋ ਦਹਾਕਿਆਂ ਤੋਂ ਬਹੁਤੇ ਕਿਸਾਨਾਂ ਵਲੋਂ ਆਪ ਖੇਤੀ ਕਰਨ ਦੀ ਬਜਾਏ ਠੇਕੇ 'ਤੇ ਜ਼ਮੀਨਾਂ ਦੇਣ ਨੂੰ ਪਹਿਲ ਦਿੱਤੀ ਜਾ ਰਹੀ ਹੈ | ਜਿਹੜੇ ਕਿਸਾਨ ਖ਼ੁਦ ਖੇਤੀ ਕਰਨ ਦੇ ਯੋਗ ਹਨ ਤੇ ਵਾਹੀ ਕਰ ਸਕਦੇ ਸਨ, ਉਹ ਵੀ ਵਿਹਲੇ ਰਹਿਣ ਲੱਗ ਪਏ ਸਨ | ਜ਼ਮੀਨਾਂ ਦਾ ਠੇਕਾ ਵੀ 50 ਹਜ਼ਾਰ ਰੁਪਏ ਪ੍ਰਤੀ ਏਕੜ ਤੋਂ ਲੈ ਕੇ 80 ਹਜ਼ਾਰ ਰੁਪਏ ਪ੍ਰਤੀ ਏਕੜ ਤੱਕ ਪਹੁੰਚ ਗਿਆ | ਅਨੇਕਾਂ ਕਿਸਾਨਾਂ ਦੇ ਪੁੱਤ ਖੇਤਾਂ ਵਿਚ ਕੰਮ ਕਰਨ ਦੀ ਥਾਂ ਵਿਹਲੇ ਰਹਿ ਕੇ ਚਿੱਟੇ ਕੁੜਤੇ-ਪਜਾਮੇ ਪਾ ਕੇ ਤੁਰੇ ਫ਼ਿਰਦੇ ਹਨ ਅਤੇ ਕਈ ਨਸ਼ੇ ਵੀ ਕਰਦੇ ਹਨ | ਪਰ ਇਸ ਵਾਰ ਮਾਲਵਾ ਖੇਤਰ ਵਿਚ ਜੋ ਰੁਝਾਨ ਵੇਖਣ-ਸੁਣਨ ਨੂੰ ਮਿਲ ਰਿਹਾ ਹੈ, ਉਸ ਤੋਂ ਸਾਹਮਣੇ ਆ ਰਿਹਾ ਹੈ ਕਿ ਮਾਲਵਾ ਖੇਤਰ ਵਿਚ ਅਨੇਕਾਂ ਨੌਜਵਾਨਾਂ ਵਲੋਂ ਠੇਕੇ 'ਤੇ ਜ਼ਮੀਨਾਂ ਦੇਣ ਦੀ ਥਾਂ ਆਪ ਖੇਤੀ ਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ | ਵੱਡੀ ਗੱਲ ਤਾਂ ਇਹ ਹੈ ਕਿ ਜਿਹੜੇ ਕਿਸਾਨ ਐਤਕੀ ਠੇਕੇ 'ਤੇ ਜ਼ਮੀਨਾਂ ਦੇਣ ਦੀ ਥਾਂ ਆਪ ਖੇਤੀ ਕਰਨ ਲੱਗੇ ਹਨ, ਉਨ੍ਹਾਂ ਵਿਚ ਨੌਜਵਾਨਾਂ ਦੀ ਗਿਣਤੀ ਵਧੇਰੇ ਹੈ | ਨੌਜਵਾਨਾਂ ਵਿਚ ਇਹ ਸ਼ੌਂਕ ਜਾਗਣਾ ਚੰਗੀ ਗੱਲ ਹੈ | ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬਾਹਰਲੇ ਦੇਸ਼ਾਂ ਵਲੋਂ ਲਗਾਈਆਂ ਜਾ ਰਹੀਆਂ ਪਾਬੰਦੀਆਂ ਤੇ ਅੱਜਕਲ੍ਹ ਬਣੇ ਹੋਏ ਹਾਲਾਤਾਂ ਦੇ ਮੱਦੇਨਜ਼ਰ ਵੀ ਨੌਜਵਾਨਾਂ ਨੇ ਖੇਤੀ ਕਰਨ ਵਾਲੇ ਪਾਸੇ ਰੁਖ ਕੀਤਾ ਹੈ, ਕਿਉਂਕਿ ਉਨ੍ਹਾਂ ਨੂੰ ਚਾਨਣ ਹੋ ਗਿਆ ਹੈ ਕਿ ਵਿਦੇਸ਼ਾਂ ਵਿਚ ਜਾ ਕੇ ਵੀ ਹੁਣ ਕੋਈ ਕੰਮ ਧੰਦਾ ਨਹੀਂ ਮਿਲਦਾ ਤੇ ਐਵੇਂ ਲੱਖਾਂ ਰੁਪਏ ਲਗਾਉਣ ਦਾ ਕੀ ਫ਼ਾਇਦਾ |