ਗਿੱਦੜਬਾਹਾ, 4 ਜੂਨ (ਸ਼ਿਵਰਾਜ ਸਿੰਘ ਬਰਾੜ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਮੁੱਖ ਸੇਮ ਨਾਲਿਆਂ ਤੋਂ ਇਲਾਵਾ ਲਿੰਕ ਨਾਲਿਆਂ ਦਾ ਸੁੰਗੜ ਰਿਹਾ ਆਕਾਰ ਕਿਸਾਨਾਂ ਲਈ ਮੁਸੀਬਤ ਬਣਿਆ ਹੋਇਆ ਹੈ | ਸੇਮ ਨਾਲਿਆਂ ਦੀ ਸਹੀ ਪੁਟਾਈ ਨਾ ਹੋਣ ਕਰਕੇ ਸਿਰ 'ਤੇ ਮੰਡਰਾ ਰਹੇ ਮਾਨਸੂਨ ਦੇ ਬੱਦਲਾਂ ਨੇ ਕਿਸਾਨਾਂ ਦੇ ਸਾਹ ਸੂਤੇ ਹਨ | ਵਿਭਾਗ ਵਲੋਂ ਪੱਛੜ ਕੇ ਸੇਮ ਨਾਲਿਆਂ ਦੀ ਸਫ਼ਾਈ 'ਨੇੜੇ ਆਈ ਜੰਝ ਵਿੰਨੋ ਕੁੜੀ ਦੇ ਕੰਨ' ਵਾਂਗ ਹੋ ਰਹੀ ਹੈ | ਜ਼ਿਕਰਯੋਗ ਹੈ ਕਿ 1997 ਵਿਚ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਦੇ ਸਾਹਮਣੇ ਜ਼ਿਲ੍ਹੇ ਭਰ 'ਚ ਸੇਮ ਦੀ ਸਮੱਸਿਆ ਨੂੰ ਖ਼ਤਮ ਕਰਨਾ ਵੱਡੀ ਚੁਣੌਤੀ ਸੀ | ਗਿੱਦੜਬਾਹਾ, ਲੰਬੀ, ਮਲੋਟ ਤੇ ਆਸਪਾਸ ਦੇ ਇਲਕਿਆਂ ਵਿਚ ਖੜ੍ਹਾ ਸੇਮ ਦਾ ਪਾਣੀ ਝੀਂਲਾਂ ਦਾ ਭੁਲੇਖਾ ਪਾਉਂਦਾ ਸੀ | ਸਰਕਾਰ ਨੇ ਮੁੱਖ ਸੇਮਨਾਲੇ, ਸੰਪਰਕ ਨਾਲੇ, ਜ਼ਮੀਨਦੋਜ਼ ਫਿਲਟਰ ਸਕੀਮ ਅਤੇ ਸਰਹਿੰਦ ਫ਼ੀਡਰ ਨਹਿਰ ਦੇ ਨਾਲ-ਨਾਲ ਪੰਜ ਸੌ ਦੇ ਲਗਪਗ ਲਿਫ਼ਟ ਪੰਪ ਲਗਾ ਕੇ ਥੋੜੇ੍ਹ ਹੀ ਸਮੇਂ ਵਿਚ ਸੇਮ 'ਤੇ ਕਾਬੂ ਪਾ ਲਿਆ ਸੀ | 2002 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਸੇਮਨਾਲਾ ਪ੍ਰਾਜੈਕਟ ਨੂੰ ਅਣਦੇਖਿਆ ਕਰ ਦਿੱਤਾ ਗਿਆ | ਸਰਹਿੰਦ ਫ਼ੀਡਰ ਦੇ ਨਾਲ-ਨਾਲ ਲੱਗੇ ਲਿਫ਼ਟ ਪੰਪਾਂ ਦੇ ਬਿਜਲੀ ਦੇ ਕੁਨੈਕਸ਼ਨ ਵਿਭਾਗ ਵਲੋਂ ਬਿਜਲੀ ਦੇ ਬਿੱਲ ਨਾ ਭਰਨ ਕਰਕੇ ਕੱਟ ਦਿੱਤੇ ਗਏ | ਬਿਜਲੀ ਦੀ ਹਾਟ ਲਾਈਨ ਵੀ ਖ਼ਤਮ ਹੋ ਗਈ | ਜ਼ਿਲ੍ਹੇ ਭਰ ਵਿਚ ਸੇਮ ਨੇ ਫ਼ਿਰ ਤੋਂ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਹੈ | 2007 ਵਿਚ ਸੱਤਾ 'ਚ ਆਈ ਅਕਾਲੀ ਦਲ ਦੀ ਸਰਕਾਰ ਨੇ ਸੇਮਨਾਲਾ ਪ੍ਰਾਜੈਕਟ ਕਈ ਲੱਖਾਂ ਰੁਪਏ ਲਗਾ ਕੇ ਮੁੜ ਸੁਰਜੀਤ ਕੀਤਾ | 2017 ਵਿਚ ਫ਼ਿਰ ਆਈ ਕਾਂਗਰਸ ਸਰਕਾਰ ਨੇ ਸੇਮਨਾਲਾ ਪ੍ਰਾਜੈਕਟ ਵੱਲ ਵਿਸ਼ੇਸ਼ ਧਿਆਨ ਨਾ ਦਿੱਤਾ ਗਿਆ | ਕਿਸਾਨਾਂ ਦਾ ਕਹਿਣਾ ਹੈ ਕਿ ਬਾਰਿਸ਼ਾਂ ਦੇ ਪਾਣੀ ਦੀ ਨਿਕਾਸੀ ਨਾ ਹੋਣ ਦਾ ਵੱਡਾ ਕਾਰਨ ਮੁੱਖ ਸੇਮ ਨਾਲਿਆਂ ਤੇ ਲਿੰਕ ਡਰੇਨਾਂ ਵਿਚ ਲਗਾਤਾਰ ਡਿੱਗ ਰਹੀਆਂ ਮਿੱਟੀ ਦੀਆਂ ਢਿੱਗਾਂ ਨਾਲ ਇਨ੍ਹਾਂ ਦਾ ਆਕਾਰ ਸੁੰਗੜ ਗਿਆ ਹੈ | ਬਾਰਿਸ਼ਾਂ ਦੌਰਾਨ ਉਕਤ ਸੇਮ ਨਾਲਿਆਂ ਤੇ ਲਿੰਕ ਡਰੇਨਾਂ ਦੀ ਬਾਰਿਸ਼ਾਂ ਦੌਰਾਨ ਪਾਣੀ ਸੰਭਾਲਣ ਦੀ ਸਮਰੱਥਾ ਨਾ ਹੋਣ ਕਰਕੇ ਪਾਣੀ ਓਵਰਫ਼ਲੋ ਹੋ ਕੇ ਖੇਤਾਂ ਵਿਚ ਵਹਿਣ ਨਾਲ ਹਰ ਸਾਲ ਫ਼ਸਲਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੁੰਦਾ ਰਿਹਾ ਹੈ ਅਤੇ ਸਮੇਂ ਦੀਆਂ ਸਰਕਾਰਾਂ ਨੇ ਕੋਈ ਭਰਪਾਈ ਨਾ ਕਰਨ ਕਰਕੇ ਕਿਸਾਨਾਂ ਦੀ ਆਰਥਿਕ ਹਾਲਤ ਦਿਨੋਂ-ਦਿਨ ਤਰਸਯੋਗ ਹੁੰਦੀ ਗਈ | ਦੋ ਕੁ ਵਰ੍ਹੇ ਪਹਿਲਾਂ ਜ਼ਿਲ੍ਹੇ ਅੰਦਰ ਸੇਮ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਹੋਰ ਸਰਕਾਰੀ ਨੁਮਾਇੰਦਿਆਂ ਵਲੋਂ ਵਾਅਦਾ ਕੀਤਾ ਗਿਆ ਸੀ ਕਿ ਜਲਦੀ ਹੀ ਸੇਮ ਨਾਲਿਆਂ ਤੇ ਲਿੰਕ ਡਰੇਨਾਂ ਦੇ ਆਕਾਰ ਵੱਡੇ ਕੀਤੇ ਜਾਣਗੇ ਅਤੇ ਲੋੜ ਪਈ ਤਾਂ ਹੋਰ ਡਰੇਨਾਂ ਵੀ ਕੱਢੀਆਂ ਜਾਣਗੀਆਂ | ਤਾਜ਼ਾ ਸਥਿਤੀ ਇਹ ਹੈ ਕਿ ਇਸ ਵਾਰ ਵੀ ਮੁੱਖ ਸੇਮ ਨਾਲਿਆਂ ਅਤੇ ਲਿੰਕ ਡਰੇਨਾਂ ਦੀ ਸਫ਼ਾਈ ਪੱਛੜ ਕੇ ਸ਼ੁਰੂ ਕਰਵਾਈ ਗਈ ਹੈ ਅਤੇ ਜੰਮੀ ਹੋਈ ਸਿਲਟ ਤੇ ਆਕਾਰ ਨੂੰ ਚੌੜਾ ਨਹੀਂ ਕੀਤਾ ਜਾ ਰਿਹਾ | ਮਾਨਸੂਨ ਦੀਆਂ ਬਾਰਿਸ਼ਾਂ ਸ਼ੁਰੂ ਹੋ ਗਈਆਂ ਹਨ | ਕਾਈ ਤੇ ਸਰਕੰਡੇ ਨਾਲ ਭਰੇ ਸੇਮਨਾਲੇ ਤੇ ਲਿੰਕ ਡਰੇਨਾਂ ਪਾਣੀ ਦੀ ਨਿਕਾਸੀ ਕਰਨ ਦੇ ਸਮਰੱਥ ਨਹੀਂ ਹਨ | ਐਕਸੀਅਨ ਗਿਤੇਸ਼ ਉਪਵੇਜਾ ਨੇ ਫ਼ੋਨ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੇਮਨਾਲਾ ਪ੍ਰਾਜੈਕਟ ਦੀ ਸਫ਼ਾਈ ਦਾ ਕੰਮ ਚੱਲ ਰਿਹਾ ਹੈ ਅਤੇ ਜੂਨ ਦੇ ਅਖ਼ੀਰ ਵਿਚ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ |