25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਪੇਂਡੂ ਖੇਤਰਾਂ 'ਚ ਮੀਂਹ, ਤੇਜ਼ ਝੱਖੜ ਨੇ ਮਚਾਈ ਤਬਾਹੀ, ਗੜੇ ਵੀ ਪਏ

Ad Position 21
No active advertisement
ਅਜੀਤ ਡੈਸਕ 05-06-2025
ਸ੍ਰੀ ਮੁਕਤਸਰ ਸਾਹਿਬ, 4 ਜੂਨ (ਸੁਖਪਾਲ ਸਿੰਘ ਢਿੱਲੋਂ)-ਬੀਤੇ ਦੇਰ ਸ਼ਾਮ ਨੂੰ ਇਸ ਖੇਤਰ ਦੇ ਪਿੰਡਾਂ ਵਿਚ ਆਏ ਜ਼ੋਰਦਾਰ ਮੀਂਹ, ਤੇਜ ਹਨੇਰੀ ਤੇ ਝੱਖੜ ਨੇ ਪੂਰੀ ਤਬਾਹੀ ਮਚਾਈ | ਕੁਝ ਪਿੰਡਾਂ ਵਿਚ ਗੜੇਮਾਰੀ ਵੀ ਹੋਈ | ਮੀਂਹ ਐਨਾ ਤੇਜ਼ ਸੀ ਕਿ ਹਰ ਪਾਸੇ ਪਾਣੀ ਹੀ ਪਾਣੀ ਹੋ ਗਿਆ | ਜਿੱਥੇ ਖੇਤਾਂ 'ਚ ਮੀਂਹ ਦੇ ਪਾਣੀ ਨੇ ਜਲ ਥਲ ਕਰ ਦਿੱਤੀ, ਉੱਥੇ ਪਿੰਡਾਂ ਦੀਆਂ ਗਲੀਆਂ ਪਾਣੀ ਨਾਲ ਭਰ ਗਈਆਂ | ਲੋਕਾਂ ਦੇ ਘਰਾਂ ਵਿਚ ਪਾਣੀ ਚਲਾ ਗਿਆ | ਕਈ ਪਿੰਡਾਂ ਦੇ ਛੱਪੜ ਛੱਪੜੀਆਂ ਵਿਚ ਪਾਣੀ ਓਵਰਫਲੋ ਹੋ ਗਏ | ਦੂਜੇ ਪਾਸੇ ਤੇਜ਼ ਹਨੇਰੀ ਕਾਰਨ ਬਹੁਤ ਸਾਰੇ ਦਰੱਖ਼ਤ ਟੁੱਟ ਗਏ, ਜਿਸ ਕਰਕੇ ਕੁਝ ਰਸਤੇ ਵੀ ਬੰਦ ਹੋ ਗਏ ਸਨ, ਜਿਨ੍ਹਾਂ ਨੂੰ ਬਾਅਦ ਵਿਚ ਚਾਲੂ ਕੀਤਾ ਗਿਆ | ਖੇਤਾਂ ਵਿਚ ਕੁਝ ਥਾਵਾਂ 'ਤੇ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ | ਪਿੰਡ ਭਾਗਸਰ ਦੇ ਦਰਸ਼ਨ ਸਿੰਘ ਮਹਿਲ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਵਿਚ ਲੱਗਿਆ ਬਿਜਲੀ ਦਾ ਟਰਾਂਸਫ਼ਾਰਮਰ ਨੂੰ ਹਨੇਰੀ ਨੇ ਹੇਠਾਂ ਸੁੱਟ ਦਿੱਤਾ | ਕਿਸਾਨ ਜਸਕਰਨ ਸਿੰਘ ਬਰਾੜ ਅਤੇ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿਚ ਟਿਊਬਵੈੱਲ ਚਲਾਉਣ ਲਈ ਲਗਾਈਆਂ ਗਈਆਂ ਸੋਲਰ ਸਿਸਟਮ ਵਾਲੀਆਂ ਪਲੇਟਾਂ ਨੂੰ ਹਨੇਰੀ ਨੇ ਮੂਧਾ ਮਾਰ ਦਿੱਤਾ ਅਤੇ ਉਨ੍ਹਾਂ ਦਾ ਨੁਕਸਾਨ ਹੋ ਗਿਆ | ਰਾਮਗੜ੍ਹ ਚੂੰਘਾਂ ਨੂੰ ਜਾਣ ਵਾਲੀ ਸੜਕ 'ਤੇ ਲੱਕੜਾਂ ਨਾਲ ਭਰੀ ਟਰਾਲੀ ਨੂੰ ਹਨੇਰੀ ਨੇ ਮੂਧਾ ਮਾਰ ਦਿੱਤਾ | ਕਿਸਾਨਾਂ ਦਾ ਕਹਿਣਾ ਹੈ ਕਿ ਨਰਮੇ ਵਾਲੇ ਖੇਤਾਂ ਵਿਚ ਜਿੱਥੇ ਜ਼ਿਆਦਾ ਪਾਣੀ ਭਰ ਗਿਆ, ਉੱਥੇ ਨੁਕਸਾਨ ਹੋ ਸਕਦਾ ਹੈ | ਜਦੋਂ ਕਿ ਝੋਨਾ ਲਗਾਉਣ ਲਈ ਵੀ ਕਿਸਾਨਾਂ ਨੂੰ ਕੁਝ ਦਿਨ ਹੋਰ ਉਡੀਕ ਕਰਨੀ ਪਵੇਗੀ | ਬਹੁਤ ਸਾਰੇ ਘਰਾਂ ਵਿਚ ਪਿਆ ਸਾਮਾਨ ਵੀ ਹਨੇਰੀ ਉਡਾ ਕੇ ਲੈ ਗਈ | ਲੋਕਾਂ ਦਾ ਕਹਿਣਾ ਹੈ ਕਿ ਐਨਾ ਤਕੜਾ ਮੀਂਹ ਤੇ ਝੱਖੜ ਕਾਫ਼ੀ ਸਮੇਂ ਬਾਅਦ ਆਇਆ ਹੈ | ਬਿਜਲੀ ਸਪਲਾਈ ਵੀ ਬਿਲਕੁਲ ਠੱਪ ਹੋ ਗਈ ਤੇ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਬਿਜਲੀ ਨਹੀਂ ਆਈ ਸੀ |
Ad Position 22
No active advertisement
ਪਿਛਲੀ ਖ਼ਬਰ ਸਰਕੂਲਰ ਰੋਡ ਦੇ ਦੋ ਪਾਸਿਆਂ ਤੋਂ ਖਸਤਾ ਹਾਲਤ ਹੋਈ ਸੜਕ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਦੋ ਵਰ੍ਹੇ ਬੀਤ ਜਾਣ 'ਤੇ ਵੀ ਸਰਕਾਰੀ ਵਾਅਦੇ ਵਫ਼ਾ ਨਾ ਹੋਏ
Ad Position 24