ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪੁਲਿਸ ਮੁਖੀ ਡਾ. ਅਖਿਲ ਚੌਧਰੀ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ | ਇਸੇ ਲੜੀ ਦੇ ਤਹਿਤ ਪਿਛਲੇ ਕੁਝ ਸਮੇਂ ਅੰਦਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਤੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ | ਭਾਵੇਂ ਕਿ ਜ਼ਿਲ੍ਹਾ ਪੁਲਿਸ ਵਲੋਂ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਬਕਾਇਦਾ ਸੀਲ ਬੰਦ ਪਾਰਸਲਾਂ ਅਤੇ ਉੱਚ ਪੱਧਰ ਸੁਰੱਖਿਆ ਤੇ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ ਅਤੇ ਇਸ ਪ੍ਰਕਾਰ ਸਟੋਰ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਵਿਭਾਗ ਦੇ ਸੀਨੀਅਰ ਅਫ਼ਸਰਾਂ ਵਲੋਂ ਸਮੇਂ-ਸਮੇਂ 'ਤੇ ਚੈੱਕ ਵੀ ਕੀਤਾ ਜਾਂਦਾ ਹੈ, ਪ੍ਰੰਤੂ ਇਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਅਦਾਲਤੀ ਪ੍ਰਕਿਰਿਆ ਤੋਂ ਬਾਅਦ ਨਸ਼ਟ ਕਰਨਾ ਵੀ ਜਰੂਰੀ ਹੋ ਜਾਂਦਾ ਹੈ | ਇਸ ਸੰਬੰਧੀ ਸਮੇਂ-ਸਮੇਂ 'ਤੇ ਸੁਪਰੀਮ ਕੋਰਟ ਵਲੋਂ ਲੋੜੀਦੇ ਦਿਸ਼ਾ-ਨਿਰਦੇਸ਼ ਤਹਿਤ ਇਕ ਕਮੇਟੀ ਬਣਾਈ ਗਈ ਅਤੇ ਐੱਨ.ਡੀ.ਪੀ.ਐੱਸ. ਐਕਟ ਨਾਲ ਸੰਬੰਧਿਤ ਮੁਕੱਦਮਿਆਂ ਦਾ ਮਾਲ ਯੂਨੀਵਰਸਲ ਬਾਇਓਮੈਸ ਪਲਾਂਟ ਪਿੰਡ ਚੰਨੂ ਵਿਖੇ ਅੱਜ ਨਸ਼ਟ ਕੀਤਾ ਗਿਆ ਹੈ | ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਇਸ ਸਮੁੱਚੀ ਪ੍ਰਕਿਰਿਆ ਦੀ ਵੀਡੀਓਗ੍ਰਾਫ਼ੀ ਵੀ ਕਰਵਾਈ ਗਈ | ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਲਈ ਕਮੇਟੀ ਬਣਾਈ ਗਈ ਹੈ | ਇਸ ਕਮੇਟੀ ਦੀ ਅਗਵਾਈ ਡਾ. ਅਖਿਲ ਚੌਧਰੀ ਐੱਸ.ਐੱਸ.ਪੀ. ਵਲੋਂ ਕੀਤੀ ਗਈ, ਜਦਕਿ ਮਨਮੀਤ ਸਿੰਘ ਢਿੱਲੋਂ ਐੱਸ.ਪੀ. (ਡੀ) ਸ੍ਰੀ ਮੁਕਤਸਰ ਸਾਹਿਬ ਅਤੇ ਰਸ਼ਪਾਲ ਸਿੰਘ ਡੀ.ਐੱਸ.ਪੀ. ਕਮੇਟੀ ਦੇ ਮੈਂਬਰ ਹਨ, ਜਿਨ੍ਹਾਂ ਦੀ ਨਿਗਰਾਨੀ ਹੇਠ ਪਾਰਦਰਸ਼ੀ ਪ੍ਰਕਿਰਿਆ ਰਾਹੀਂ ਮਾਲ ਮੁਕੱਦਮੇ ਨੂੰ ਨਸ਼ਟ ਕੀਤਾ ਗਿਆ | ਇਸ ਮੌਕੇ ਐੱਸ.ਐੱਸ.ਪੀ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਨਸ਼ੇ ਨੂੰ ਖਤਮ ਕਰਨ ਲਈ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਅੱਜ ਕੁੱਲ 32 ਐੱਨ.ਡੀ.ਪੀ.ਐੱਸ.ਐਕਟ ਦੇ ਮੁਕੱਦਮਿਆਂ ਦਾ ਮਾਲ ਜਿਸ ਵਿਚ 681.185 ਕਿੱਲੋਗ੍ਰਾਮ ਭੁੱਕੀ ਚੂਰਾ ਪੋਸਤ, 768 ਗ੍ਰਾਮ ਹੈਰੋਇਨ, 26,849 ਨਸ਼ੀਲੀਆਂ ਗੋਲੀਆਂ, 1170 ਨਸ਼ੀਲੇ ਕੈਪਸੂਲ ਨੂੰ ਨਸ਼ਟ ਕੀਤਾ ਗਿਆ |