ਗਿੱਦੜਬਾਹਾ, 25 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ 'ਚ ਬੇਸਹਾਰਾ ਪਸ਼ੂਆਂ ਦੀ ਦਿਨੋਂ-ਦਿਨ ਵਧ ਰਹੀ ਗਿਣਤੀ ਤੋਂ ਸ਼ਹਿਰ ਵਾਸੀ ਦੁਖੀ ਹਨ | ਗਲੀਆਂ 'ਚ ਹਰਲ-ਹਰਲ ਕਰਦੇ ਪਸ਼ੂਆਂ ਦੇ ਝੁੰਡ ਆਮ ਲੋਕਾਂ ਲਈ ਮੁਸੀਬਤ ਬਣੇ ਹੋਏ ਹਨ | ਕਈ ਵਰਿ੍ਹਆਂ ਤੋਂ ਬੇਸਹਾਰਾ ਪਸ਼ੂਆਂ ਦੀ ਗਿਣਤੀ 'ਚ ਚਿੰਤਾਜਨਕ ਵਾਧਾ ਹੋ ਰਿਹਾ ਹੈ | ਸ਼ਹਿਰ ਦੀਆਂ ਗਲੀਆਂ ਤੇ ਮੁਹੱਲਿਆਂ ਵਿਚ ਘੁੰਮ ਰਹੇ ਬੇਸਹਾਰਾ ਪਸ਼ੂ ਆਮ ਲੋਕਾਂ ਨੂੰ ਟੱਕਰ ਮਾਰਦੇ ਹਨ | ਅਕਸਰ ਰੋਜ਼ਾਨਾ ਹੀ ਦੇਖਣ 'ਚ ਆਇਆ ਹੈ ਕਿ ਗਲੀਆਂ-ਮੁਹੱਲਿਆਂ ਵਿਚ ਇਹ ਬੇਸਹਾਰਾ ਢੱਠੇ ਆਮ ਲੋਕਾਂ ਨੂੰ ਜ਼ਖ਼ਮੀ ਕਰ ਰਹੇ ਹਨ | ਕਈ ਵਾਰ ਇਨ੍ਹਾਂ ਢੱਠਿਆਂ ਦੀ ਆਪਸੀ ਲੜਾਈ ਵਿਚਕਾਰ ਬਜ਼ੁਰਗ ਗੰਭੀਰ ਜ਼ਖ਼ਮੀ ਹੋਣ ਉਪਰੰਤ ਰੱਬ ਨੂੰ ਪਿਆਰੇ ਹੋ ਚੁੱਕੇ ਹਨ | ਆਮ ਸ਼ਹਿਰੀ ਆਪਣੇ ਛੋਟੇ ਬੱਚਿਆਂ ਨੂੰ ਗਲੀ 'ਚ ਜਾਣ ਤੋਂ ਰੋਕਦੇ ਹਨ | ਸ਼ਹਿਰ ਦੀ ਸੰਘਣੀ ਆਬਾਦੀ 'ਚ ਆਮ ਆਵਾਜਾਈ 'ਚ ਵੱਡਾ ਵਿਘਨ ਪਾ ਰਹੇ ਬੇਸਹਾਰਾ ਪਸ਼ੂ ਰਾਹਗੀਰ ਨੂੰ ਮਾਰਦੇ ਹਨ | ਕਈ ਵਾਰ ਸੜਕ ਵਿਚਕਾਰ ਖੜੇ੍ਹ ਪਸ਼ੂਆਂ ਦੇ ਝੁੰਡ ਕਾਰਨ ਟ੍ਰੈਫ਼ਿਕ ਜਾਮ ਹੋ ਜਾਂਦਾ ਹੈ | ਸ਼ਹਿਰ ਦੇ ਬਾਹਰ ਲੰਘਦੇ ਰਾਸ਼ਟਰੀ ਮਾਰਗ 'ਤੇ ਬੇਸਹਾਰਾ ਪਸ਼ੂਆਂ ਦੀ ਫੇਟ ਵੱਜਣ ਕਰਕੇ ਅਨੇਕਾਂ ਹੀ ਜਾਨਲੇਵਾ ਹਾਦਸੇ ਵਾਪਰ ਚੁੱਕੇ ਹਨ | ਸ਼ਹਿਰ ਵਿਚੋਂ ਗੁਜ਼ਰਦੀ ਰੇਲ ਪਟੜੀ 'ਤੇ ਲੰਬੀ ਤੇ ਪਿਉਰੀ ਵਾਲੇ ਫਾਟਕ ਕੋਲ ਤਾਂ ਦਰਜਨਾਂ ਦੀ ਤਾਦਾਦ ਵਿਚ ਰਹਿੰਦੇ ਬੇਸਹਾਰਾ ਪਸ਼ੂ ਰੇਲ ਗੱਡੀ ਲੰਘਣ ਸਮੇਂ ਕਈ ਵਾਰ ਰੇਲ ਪਟੜੀ 'ਤੇ ਆ ਜਾਂਦੇ ਹਨ ਅਤੇ ਮਸਾਂ ਹੀ ਹਾਦਸਾ ਵਾਪਦਾ ਟਲ ਜਾਂਦਾ ਹੈ | ਸਰਕਾਰ ਵਲੋਂ ਗਊ ਟੈਕਸ ਨਾਲ ਲੱਖਾਂ ਰੁਪਏ ਵਸੂਲੇ ਜਾ ਰਹੇ ਹਨ, ਪ੍ਰੰਤੂ ਸ਼ਹਿਰ ਵਿਚ ਹਾਦਸਿਆਂ ਦਾ ਕਾਰਨ ਬਣਦੇ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਕਰਨ ਲਈ ਸਰਕਾਰ ਵਲੋਂ ਕੋਈ ਮਾਪਦੰਡ ਨਹੀਂ ਅਪਨਾਇਆ ਜਾ ਰਿਹਾ | ਆਮ ਲੋਕਾਂ ਦੀ ਮੰਗ ਹੈ ਕਿ ਸ਼ਹਿਰ ਵਿਚ ਘੁੰਮ ਰਹੇ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਦਾ ਪੱਕਾ ਪ੍ਰਬੰਧ ਕੀਤਾ ਜਾਵੇ |