ਗਿੱਦੜਬਾਹਾ, 25 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਮੁਹੱਲਾ ਗੁਰੂ ਨਾਨਕ ਨਗਰ 'ਚ ਕਈ ਦਿਨਾਂ ਤੋਂ ਲਗਾਤਾਰ ਸੀਵਰੇਜ ਦਾ ਗੰਦਾ ਪਾਣੀ ਓਵਰਫ਼ਲੋ ਹੋ ਰਿਹਾ ਹੈ, ਜਿਸ ਨੇ ਸਥਾਨਕ ਸਰਕਾਰ ਵਲੋਂ ਸੀਵਰੇਜ ਦੇ ਸੁਚੱਜੇ ਪ੍ਰਬੰਧ ਹੋਣ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ | ਕਈ ਮਹੀਨਿਆਂ ਤੋਂ ਗਿੱਦੜਬਾਹਾ ਦਾ ਸੀਵਰੇਜ ਸਿਸਟਮ ਚਰਚਾ 'ਚ ਚੱਲਿਆ ਆ ਰਿਹਾ ਹੈ | ਕਈ ਮੁਹੱਲਿਆਂ 'ਚ ਤਾਂ ਅਕਸਰ ਹੀ ਸੀਵਰੇਜ ਦਾ ਗੰਦਾ ਪਾਣੀ ਓਵਰਫ਼ਲੋ ਹੋ ਕੇ ਗਲੀਆਂ 'ਚ ਖੜ੍ਹਾ ਰਹਿੰਦਾ ਹੈ | ਮੁਹੱਲਾ ਗੁਰੂ ਨਾਨਕ ਨਗਰ ਵਾਸੀਆਂ ਦਾ ਕਹਿਣਾ ਹੈ ਕਿ ਕਈ ਦਿਨ ਤੋਂ ਉਨ੍ਹਾਂ ਦੀ ਮੁੱਖ ਗਲੀ 'ਚ ਸੀਵਰੇਜ ਦਾ ਗੰਦਾ ਪਾਣੀ ਓਵਰਫ਼ਲੋ ਹੋ ਕੇ ਘਰਾਂ ਅੱਗੇ ਖੜ੍ਹਾ ਰਹਿੰਦਾ ਹੈ | ਗੰਦੀ ਆ ਰਹੀ ਬਦਬੂ ਕਰਨ ਉਨ੍ਹਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ | ਕਈ ਵਾਰ ਵਿਭਾਗ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਕੋਈ ਪੱਕਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਦੱਸਿਆ ਕਿ ਵਿਭਾਗ ਦੇ ਸਫ਼ਾਈ ਕਰਮਚਾਰੀ ਆਉਂਦੇ ਹਨ ਅਤੇ ਇਕ ਵਾਰ ਸਫ਼ਾਈ ਕਰਨ ਦੇ ਬਾਅਦ ਫ਼ਿਰ ਤੋਂ ਸੀਵਰੇਜ਼ ਓਵਰਫ਼ਲੋ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੁਹੱਲੇ ਵਿਚ ਕੋਈ ਅਧਿਕਾਰੀ ਗੇੜਾ ਤੱਕ ਮਾਰਨ ਦੀ ਖੇਚਲ ਨਹੀਂ ਕਰਦਾ | ਇਸ ਬਾਰੇ ਐੱਸ.ਡੀ.ਓ. ਵਿਸ਼ਵਜੀਤ ਸਿੰਘ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਮਸਲਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ |