ਮਲੋਟ, 25 ਸਤੰਬਰ (ਪਾਟਿਲ)-ਨਗਰ ਕੌਂਸਲ ਮਲੋਟ ਵਿਖੇ ਸਥਾਨਕ ਸਰਕਾਰਾਂ ਵਿਭਾਗ ਦੀਆਂ ਹਦਾਇਤਾਂ 'ਤੇ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਅਧੀਨ ਸ਼ਹਿਰੀ ਖੇਤਰ ਦੇ ਰੇਹੜੀ-ਫ਼ੜ੍ਹੀ ਵਾਲਿਆਂ ਲਈ 17 ਸਤੰਬਰ ਤੋਂ 2 ਅਕਤੂਬਰ ਤੱਕ ਸਬਸਿਡੀ ਕਰਜ਼ਾ ਮੁਹੱਈਆ ਕਰਵਾਉਣ ਲਈ ਲੋਕ ਕਲਿਆਣ ਮੇਲਾ ਜਾਰੀ ਹੈ | ਸ਼ੁਭਦੀਪ ਸਿੰਘ ਪ੍ਰਧਾਨ ਨਗਰ ਕੌਂਸਲ ਮਲੋਟ, ਕਾਰਜ ਸਾਧਕ ਅਫ਼ਸਰ ਅਤੇ ਰਾਜ ਕੁਮਾਰ ਸੈਨੇਟਰੀ ਇੰਸਪੈਕਟਰ-ਕਮ-ਨੋਡਲ ਅਫ਼ਸਰ ਦੀ ਰਹਿਨੁਮਾਈ ਹੇਠ ਪੀ.ਐੱਮ. ਸਵੈਨਿਧੀ ਸਕੀਮ ਹੇਠ ਰੇਹੜੀ-ਫੜ੍ਹੀ ਵਾਲਿਆਂ ਲਈ ਲੋਕ ਕਲਿਆਣ ਮੇਲੇ ਦੌਰਾਨ ਸਪੈਸ਼ਲ ਕੈਂਪ ਲਗਾਇਆ ਗਿਆ, ਜਿਸ ਵਿਚ ਰੇਹੜੀ ਵਿਕਰੇਤਾ/ਰੇਹੜੀ ਫ਼ੜ੍ਹੀ ਵਾਲਿਆਂ ਨੂੰ ਸਬਸਿਡੀ ਸਮੇਤ ਪਹਿਲਾ ਲੋਨ 15,000, ਦੂਜਾ ਲੋਨ 25,000 ਅਤੇ ਤੀਜਾ ਲੋਨ 50,000 ਰੁਪਏ ਦਿੱਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਕਰਜ਼ੇ ਦੀਆਂ ਕਿਸ਼ਤਾਂ ਪੂਰੀਆ ਹੋਣ 'ਤੇ 30,000 ਰੁਪਏ ਦੀ ਲਿਮਟ ਦਾ ਕ੍ਰੈਡਿਟ ਕਾਰਡ ਮਿਲੇਗਾ | ਮੇਲੇ ਦੌਰਾਨ ਰੇਹੜੀ ਫ਼ੜ੍ਹੀ ਵਾਲੇ ਪਰਿਵਾਰਾਂ ਨੂੰ 8 ਸਕੀਮਾਂ ਨਾਲ ਜੋੜ ਕੇ ਡਿਜੀਟਲ ਐਕਟੀਵੇਟ ਕੀਤਾ ਜਾ ਰਿਹਾ ਹੈ | ਨਗਰ ਕੌਂਸਲ ਅਧਿਕਾਰੀਆਂ ਵਲੋਂ ਸ਼ਹਿਰ ਦੇ ਸਟਰੀਟ ਵੈਂਡਰਾਂ ਨੂੰ ਅਪੀਲ ਕੀਤੀ ਕਿ ਇਸ ਸਕੀਮ ਦਾ ਲਾਭ ਲੈਣ ਲਈ ਲੋਕ ਕਲਿਆਣ ਮੇਲੇ ਵਿਚ ਆਪਣੇ ਦਸਤਾਵੇਜ਼ਾਂ ਸਮੇਤ ਲੈ ਕੇ ਪਹੁੰਚਿਆ ਜਾਵੇ | ਇਸ ਸਕੀਮ ਦਾ ਲਾਭ ਲੈਣ ਸੰਬੰਧੀ ਨਗਰ ਕੌਸਲ ਦੇ ਕਮਰਾ ਨੰਬਰ 15 ਵਿਚ ਪ੍ਰਦੀਪ ਸਿੰਘ ਸਿਟੀ ਮਿਸ਼ਨ ਮੈਨੇਜਰ ਅਤੇ ਰਾਜੇਸ਼ ਕੁਮਾਰ ਕਮਿਊਨਟੀ ਆਰਗਨਾਈਜ਼ਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ |