ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਹਰਮਹਿੰਦਰ ਪਾਲ)-ਸ੍ਰੀ ਰਾਮ ਸੇਵਾ ਸੰਮਤੀ ਵਲੋਂ ਰੈੱਡ ਕਰਾਸ ਭਵਨ ਵਿਖੇ ਬੀਤੀ ਰਾਤ ਤੋਂ ਸ੍ਰੀ ਰਾਮ ਲੀਲ੍ਹਾ ਦਾ ਸ਼ਾਨਦਾਰ ਮੰਚਨ ਸ਼ੁਰੂ ਹੋ ਗਿਆ ਹੈ | ਰਾਮ ਲੀਲ੍ਹਾ ਦੇ ਪਹਿਲੇ ਦਿਨ ਵੱਡੀ ਗਿਣਤੀ 'ਚ ਲੋਕਾਂ ਨੇ ਪਹੁੰਚ ਕੇ ਰਾਮ ਲੀਲ੍ਹਾ ਸਮਾਗਮ ਦੀ ਰੌਣਕ ਵਧਾਈ | ਪਹਿਲੇ ਦਿਨ ਵੇਦਵਤੀ ਵਲੋਂ ਰਾਵਣ ਨੂੰ ਸਰਾਪ ਦੇਣ ਅਤੇ ਰਾਵਣ ਵਲੋਂ ਰਿਸ਼ੀ-ਸੰਤਾਂ ਦੀ ਤਪੱਸਿਆ ਨੂੰ ਭੰਗ ਕਰਨ ਦੇ ਦਿ੍ਸ਼ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਰਹੇ | ਜਲੰਧਰ ਤੋਂ ਸ਼ਿਵ ਤਾਂਡਵ ਮੰਚ ਦੇ ਕਲਾਕਾਰਾਂ ਵਲੋਂ ਰਾਮ ਲੀਲ੍ਹਾ ਦਾ ਸ਼ਾਨਦਾਰ ਮੰਚਨ ਕੀਤਾ ਜਾ ਰਿਹਾ ਹੈ | ਦੱਸ ਦਈਏ ਕਿ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿਚ ਲਗਭਗ 13 ਸਾਲਾਂ ਬਾਅਦ ਰਾਮ ਲੀਲ੍ਹਾ ਦਾ ਮੰਚਨ ਕੀਤਾ ਜਾ ਰਿਹਾ ਹੈ | ਕਈ ਸਾਲਾਂ ਬਾਅਦ ਰਾਮ ਲੀਲ੍ਹਾ ਹੋਣ ਕਾਰਨ ਸ਼ਹਿਰ ਵਾਸੀਆਂ ਵਿਚ ਇਸ ਪ੍ਰਤੀ ਵਿਸ਼ੇਸ਼ ਉਤਸ਼ਾਹ ਹੈ | ਕਮੇਟੀ ਦੇ ਅਹੁਦੇਦਾਰ ਸੰਜੀਵ ਖੇੜਾ ਨੇ ਦੱਸਿਆ ਕਿ ਬੀਤੀ ਰਾਤ ਰੈੱਡ ਕਰਾਸ ਭਵਨ ਵਿਖੇ ਰਾਤ 8:15 ਵਜੇ ਰਾਮ ਲੀਲ੍ਹਾ ਦਾ ਮੰਚਨ ਸ਼ੁਰੂ ਹੋ ਗਿਆ ਹੈ | ਹੁਣ ਰਾਮਲੀਲਾ ਰੋਜ਼ਾਨਾ ਰਾਤ 9 ਵਜੇ ਤੋਂ 11 ਵਜੇ ਤੱਕ ਮੰਚਨ ਕੀਤਾ ਜਾਵੇਗਾ | ਰਿਬਨ ਕੱਟਣ ਤੋਂ ਬਾਅਦ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਸ੍ਰੀ ਰਾਮ ਦਰਬਾਰ ਦੇ ਸਾਹਮਣੇ ਦੀਵਾ ਜਗਾ ਕੇ ਰਾਮ ਲੀਲ੍ਹਾ ਦਾ ਉਦਘਾਟਨ ਕੀਤਾ | ਮੰਚ ਦਾ ਸੰਚਾਲਨ ਜੀਵਨ ਸ਼ਰਮਾ ਨੇ ਕੀਤਾ | ਇਸ ਮੌਕੇ ਡੀ.ਐੱਸ.ਪੀ. ਨਵੀਨ ਕੁਮਾਰ, ਕਮੇਟੀ ਦੇ ਚੇਅਰਮੈਨ ਰਾਹੁਲ ਚੁੱਘ, ਚੇਅਰਮੈਨ ਹੈਪੀ ਸ਼ਰਮਾ, ਚੇਅਰਮੈਨ ਰਾਜੇਸ਼ ਬਾਂਸਲ ਡੀ.ਕੇ., ਚੇਅਰਮੈਨ ਰਾਜੀਵ ਆਹੂਜਾ, ਪ੍ਰਧਾਨ ਰਮਨ ਗਿਰਧਰ, ਸਕੱਤਰ ਕਿ੍ਸ਼ਨ ਕੁਮਾਰ ਬੰਟੀ ਗੋਇਲ, ਸਕੱਤਰ ਸੰਜੀਵ ਕੁਮਾਰ ਬੱਬੀ ਗਾਵੜੀ, ਸੁਸ਼ੀਲ ਕੁਮਾਰ ਹੈਪੀ ਗਰਗ, ਅਸ਼ਵਨੀ ਆਰੀਆ, ਭਾਜਪਾ ਮੰਡਲ ਚੜ੍ਹਦੀ ਕਲਾ ਦੇ ਪ੍ਰਧਾਨ ਪੂਜਾ ਕੱਕੜ, ਬਹਿਬਲ ਕਲਾਂ ਦੇ ਸਾਬਕਾ ਪ੍ਰਧਾਨ ਮਿੰਜਾਲੂ, ਮੀਤ ਰਾਜ ਕੁਮਾਰ, ਧੂੜੀਆ, ਸੁਨੀਲ ਗੁੰਬਰ, ਵਿਕਰਾਂਤ ਤੇਰ੍ਹੀਆ, ਰਾਜੇਸ਼ ਕੁਮਾਰ ਕੁੱਕੂ ਪਟਾਖੇ ਵਾਲੇ, ਤੇਜਿੰਦਰ ਬੱਬੂ ਬਾਂਸਲ, ਗੁਰਦਾਸ ਗਿਰਧਰ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ ਆਦਿ ਹਾਜ਼ਰ ਸਨ | ਇਸ ਤੋਂ ਇਲਾਵਾ 2 ਅਕਤੂਬਰ ਨੂੰ ਦੁਸਹਿਰਾ ਤਿਉਹਾਰ ਵੀ ਧੂਮਧਾਮ ਨਾਲ ਮਨਾਇਆ ਜਾਵੇਗਾ | ਸਰਕਾਰੀ ਕਾਲਜ ਵਿਚ ਦੁਸਹਿਰਾ ਤਿਉਹਾਰ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਮਨਾਇਆ ਜਾਵੇਗਾ |