13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਦਾਣਾ ਮੰਡੀ ਤੋਂ ਵਾਂਝੇ ਬਰਗਾੜੀ ਦੇ ਕਿਸਾਨ ਆਪਣੀ ਫ਼ਸਲ ਵੇਚਣ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ

Ad Position 21
No active advertisement
ਅਜੀਤ ਡੈਸਕ 27-09-2025
ਬਰਗਾੜੀ, 26 ਸਤੰਬਰ (ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਪਿੰਡਾਂ 'ਚ ਦਾਣਾ ਮੰਡੀਆਂ ਬਣਨ ਸਮੇਂ ਸਭ ਤੋਂ ਪਹਿਲੇ ਪਿੰਡਾਂ ਵਿਚ ਸੀ ਅਤੇ ਇੱਥੇ ਕਰੀਬ 40 ਸਾਲ ਪਹਿਲਾਂ ਹੀ ਦਾਣਾ ਮੰਡੀ ਬਣ ਗਈ ਸੀ, ਜਿਸ ਵਿਚ ਲਾਗਲੇ ਅਤੇ ਦੂਰ-ਦੁਰਾਡੇ ਪਿੰਡਾਂ ਦੇ ਕਿਸਾਨ ਆਪਣੀ ਫ਼ਸਲ ਵੇਚਣ ਆਉਂਦੇ ਸਨ | ਬਾਅਦ 'ਚ ਇੱਥੇ ਫੋਕਲ ਪੁਆਂਇੰਟ ਵੀ ਬਣ ਗਿਆ ਸੀ ਅਤੇ ਇਸ ਮੰਡੀ 'ਚ ਕੁਝ ਸਮਾਂ ਨਰਮੇ ਦੀ ਫ਼ਸਲ ਵੀ ਵਿਕੀ ਸੀ | ਹੁਣ ਕਰੀਬ 7 ਸਾਲ ਪਹਿਲਾਂ ਕੈਪਟਨ ਸਰਕਾਰ ਸਮੇਂ ਪ੍ਰਸ਼ਾਸਨ ਨੇ ਲਾਅ ਐਂਡ ਆਰਡਰ ਦਾ ਹਵਾਲਾ ਦੇ ਕੇ ਇਸ ਦਾਣਾ ਮੰਡੀ 'ਚ ਬੇਅਦਬੀ ਦੇ ਇਨਸਾਫ਼ ਲਈ ਲੱਗੇ ਧਰਨੇ ਦੇ ਖ਼ਤਮ ਹੋਣ ਉਪਰੰਤ ਇਸ ਦਾਣਾ ਮੰਡੀ ਨੂੰ ਖ਼ਤਮ ਕਰਕੇ ਇਸ ਥਾਂ 'ਤੇ ਬੱਸ ਅੱਡਾ, ਕਮਿਉਨਿਟੀ ਹਾਲ, ਪਾਰਕ, ਪਾਰਕਿੰਗ ਆਦਿ ਬਣਾ ਦਿੱਤੇ ਅਤੇ ਕਿਸਾਨਾਂ ਲਈ ਨਵੀਂ ਦਾਣਾ ਮੰਡੀ ਬਣਾ ਕੇ ਦੇਣ ਦਾ ਵਾਅਦਾ ਕੀਤਾ ਜੋ ਅੱਜ ਤੱਕ ਪੂਰਾ ਨਹੀਂ ਹੋ ਸਕਿਆ | ਪਿੰਡ ਦੇ ਕੁਝ ਲੋਕ ਦਾਣਾ ਮੰਡੀ ਵਾਲੀ ਥਾਂ 'ਤੇ ਬਣੀਆਂ ਬਿਲਡਿੰਗਾਂ ਨੂੰ ਪਿੰਡ ਲਈ ਚੰਗਾ ਦੱਸ ਰਹੇ ਹਨ ਅਤੇੇ ਕੁਝ ਲੋਕ ਇੰਨ੍ਹਾਂ ਬਿਲਡਿੰਗਾਂ ਨੂੰ ਪਿੰਡ ਲਈ ਬਹੁਤ ਵੱਡਾ ਘਾਟਾ ਦੱਸ ਰਹੇ ਹਨ | ਕਿਸਾਨ 7 ਸਾਲ ਤੋਂ ਆਪਣੀ ਫ਼ਸਲ ਵੇਚਣ ਲਈ ਬਰਗਾੜੀ ਤੋਂ ਕਰੀਬ 4-5 ਕਿਲੋਮੀਟਰ ਦੂਰ ਨੈਸ਼ਨਲ ਹਾਈਵੇ ਸੜਕ ਬਹਿਬਲ ਕਲਾਂ ਦੇ ਕੱਟ 'ਤੇ ਬਣਦੇ ਆਰਜੀ ਖ਼ਰੀਦ ਕੇਂਦਰ ਤੇ ਆਪਣੀ ਫ਼ਸਲ ਵੇਚਣ ਲਈ ਮਜ਼ਬੂਰ ਹਨ, ਜਿਸ ਕਾਰਨ ਕਿਸਾਨਾਂ ਨੂੰ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕੁਝ ਕਿਸਾਨਾਂ ਨੂੰ ਕੋਟਕਪੂਰਾ ਜਾਂ ਹੋਰਨਾਂ ਮੰਡੀਆਂ ਵਿਚ ਵੀ ਜਾਣਾ ਪੈਂਦਾ ਹੈ | ਪ੍ਰਸ਼ਾਸਨ ਨੇ ਕਈ ਵਾਰ ਮੰਡੀ ਲਈ ਥਾਂ ਲੈਣ ਦੀ ਕੋਸ਼ਿਸ ਵੀ ਕੀਤੀ ਪ੍ਰੰਤੂ ਇੰਨ੍ਹਾਂ ਕੋਸਿਸ਼ਾਂ ਨੂੰ ਅਜੇ ਤੱਕ ਬੂਰ ਨਹੀਂ ਪਿਆ | ਪ੍ਰਸ਼ਾਸਨ ਨੇ ਪਿਛਲੀਆਂ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਗ੍ਰਾਮ ਸਭਾਵਾਂ ਰਾਹੀਂ ਸਕੂਲਾਂ ਨੇੜੇ ਪਈ ਪੰਚਾਇਤ ਦੀ ਥਾਂ 'ਤੇ ਮੰਡੀ ਬਣਾਉਣ ਦੀ ਕੋਸ਼ਿਸ ਵੀ ਕੀਤੀ ਪ੍ਰੰਤੂ ਇਸ ਥਾਂ ਨੇੜਲੇ ਬਸਤੀ ਦੇ ਲੋਕਾਂ ਅਤੇ ਕੁਝ ਹੋਰ ਪਿੰਡ ਵਾਸੀਆਂ ਨੇ ਸਕੂਲਾਂ, ਵਾਟਰ ਵਰਕਸ ਅਤੇ ਪੰਚਾਇਤੀ ਜ਼ਮੀਨ ਘੱਟ ਜਾਣ ਆਦਿ ਦਾ ਹਵਾਲਾ ਦੇ ਕੇ ਬਣਨ ਵਾਲੀ ਮੰਡੀ ਦਾ ਵਿਰੋਧ ਕੀਤਾ | ਗ੍ਰਾਮ ਸਭਾਵਾਂ ਦੀਆਂ ਦੋ ਤਿੰਨ ਮੀਟਿੰਗਾਂ ਵੀ ਹੋਈਆਂ ਪ੍ਰੰਤੂ ਗ੍ਰਾਮ ਸਭਾ ਦੀ ਪ੍ਰਕ੍ਰਿਰਿਆ ਚਲਦੇ ਚਲਦੇ ਪੰਚਾਈਤੀ ਚੋਣਾਂ ਹੋ ਗਈਆਂ ਅਤੇ ਬਰਗਾੜੀ ਦੀ ਨਵੀਂ ਪੰਚਾਇਤ ਹੋਂਦ ਵਿਚ ਆ ਗਈ ਅਤੇ ਬਣਨ ਵਾਲੀ ਮੰਡੀ ਦਾ ਕੰਮ ਉਥੇ ਹੀ ਰੁਕ ਗਿਆ | ਪੀੜਤ ਕਿਸਾਨਾਂ ਦੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਹੈ ਕਿ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਵਾਜਬ ਥਾਂ 'ਤੇ ਜਲਦ ਮੰਡੀ ਬਣਾਈ ਜਾਵੇ | ਪੀੜਤ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਦੂਰ ਜਾਣ ਕਾਰਨ ਜਿੱਥੇ ਉਨ੍ਹਾਂ ਦਾ ਬੇਲੋੜਾ ਸਮਾਂ ਅਤੇ ਖਰਚਾ ਹੋ ਰਿਹਾ ਹੈ, ਉਥੇ ਸੜਕੀ ਆਵਾਜਾਈ ਦੌਰਾਨ ਕਿਸੇ ਦੁਰਘਟਨਾ ਆਦਿ ਦਾ ਵੀ ਖਤਰਾ ਬਣਿਆ ਰਹਿੰਦਾ ਹੈ | ਫ਼ਸਲ ਦੀ ਕਟਾਈ ਸਮੇਂ ਖੇਤਾਂ ਵਿਚ ਕੰਬਾਈਨਾਂ ਲੱਗੀਆਂ ਹੋਣ ਸਮੇਂ ਆਰਜ਼ੀ ਖ਼ਰੀਦ ਕੇਂਦਰ ਦੂਰ ਹੋਣ ਕਾਰਨ ਫ਼ਸਲ ਦੀ ਢੋਆ ਢੋਆਈ ਲਈ ਵੱਧ ਸਾਧਨ ਕਰਨੇ ਪੈਂਦੇ ਹਨ ਅਤੇ ਕਈ ਵਾਰ ਮੰਡੀ ਵਿਚ ਜ਼ਿਆਦਾ ਸਮਾਂ ਲੱਗਣ ਤੇ ਕੰਬਾਈਨਾਂ ਨੂੰ ਖੇਤਾਂ ਵਿਚ ਖ਼ੜ੍ਹਨਾ ਪੈਂਦਾ ਹੈ | ਆਰਜ਼ੀ ਖ਼ਰੀਦ ਕੇਂਦਰ ਤੇ ਪੂਰੀਆਂ ਸਹੂਲਤਾਂ ਵੀ ਨਹੀਂ ਹੁੰਦੀਆਂ ਅਤੇ ਫ਼ਸਲਾਂ ਦੀਆਂ ਢੇਰੀਆਂ ਦੀ ਰਾਖੀ ਅਤੇ ਹਨੇਰੇ ਸਮੇਂ ਮੰਡੀ ਵਿਚ ਜਾਣ ਆਉਣ ਸਮੇਂ ਵੀ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਕਈ ਵਾਰ ਇਸ ਕੱਟ ਦਾ ਠੇਕੇਦਾਰ ਵੀ ਫ਼ਸਲ ਨਹੀਂ ਸੁੱਟਣ ਦਿੰਦਾ ਅਤੇ ਕਿਸਾਨਾਂ ਨੂੰ ਫਿਰ ਇਥੇ ਫ਼ਸਲ ਸੁੱਟਣ ਲਈ ਡਿਪਟੀ ਕਮਿਸ਼ਨਰ ਆਦਿ ਨੂੰ ਮਿਲਣਾ ਪੈਂਦਾ ਹੈ | ਪੀੜਤ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਕਿਸਾਨਾਂ ਲਈ ਮੰਡੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਠੇਕਾ ਆਧਾਰਿਤ ਮਲਟੀਪਰਪਜ਼ ਫੀਮੇਲ ਵਰਕਰਾਂ ਮੁੱਖ ਮੰਤਰੀ ਦਾ ਕਰਨਗੀਆਂ ਘਿਰਾਓ ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨਗੀ ਦੀ ਦੌੜ 'ਚ ਕਾਂਗਰਸ ਦੇ ਇਕ ਦਰਜਨ ਆਗੂ ਸ਼ਾਮਿਲ
Ad Position 24