ਬਰਗਾੜੀ, 26 ਸਤੰਬਰ (ਲਖਵਿੰਦਰ ਸ਼ਰਮਾ)-ਮਲਟੀਪਰਪਜ਼ ਹੈਲਥ ਵਰਕਰ ਫੀਮੇਲ 2211 ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਸ਼ਿੰਦਰ ਪਾਲ ਕੌਰ ਬਰਗਾੜੀ ਨੇ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਲਈ ਕੈਬਨਿਟ ਮੰਤਰੀ ਲਾਲ ਚੰਦ, ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਿਹਤ ਮੰਤਰੀ ਬਲਵੀਰ ਸਿੰਘ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਡੀ.ਸੀ. ਫ਼ਰੀਦਕੋਟ, ਵਿਧਾਇਕ ਅਮੋਲਕ ਸਿੰਘ, ਮੁੱਖ ਮੰਤਰੀ ਦੀ ਧਰਮਪਤਨੀ ਡਾ. ਗੁਰਪ੍ਰੀਤ ਕੌਰ ਆਦਿ ਨੂੰ ਅਨੇਕਾਂ ਵਾਰ ਮੰਗ ਪੱਤਰ ਦੇ ਚੁੱਕੇ ਹਾਂ ਪ੍ਰੰਤੂ ਅੱਜ ਤੱਕ ਸਾਡੀਆਂ ਜਾਇਜ਼ ਮੰਗਾਂ ਨੂੰ ਸੁਣਿਆ ਹੀ ਨਹੀਂ ਗਿਆ ਅਤੇ ਅਨੇਕਾਂ ਵਾਰ ਮੁੱਖ ਮੰਤਰੀ ਨਾਲ ਮੀਟਿੰਗਾਂ ਕਰਵਾਉਣ ਦਾ ਭਰੋਸਾ ਦੇ ਕੇ ਅੱਜ ਤੱਕ ਸਾਡੀ ਮੀਟਿੰਗ ਵੀ ਨਹੀਂ ਕਰਵਾਈ ਗਈ | ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਪੂਰੇ ਪੰਜਾਬ ਵਿਚ ਮੁੱਖ ਮੰਤਰੀ ਸਾਹਿਬ ਦਾ ਘਿਰਾਓ ਕਰਾਂਗੀਆਂ ਅਤੇ ਸਿਹਤ ਵਿਭਾਗ ਦੇ ਸਾਰੇ ਆਨ ਲਾਈਨ ਅਤੇ ਆਫ਼ ਲਾਈਨ ਕੰਮ ਦਾ ਬਾਈਕਾਟ ਕਰਾਂਗੀਆਂ | ਉਨ੍ਹਾਂ ਕਿਹਾ ਕਿ ਅਸੀਂ ਕਰੀਬ 16 ਸਾਲ ਤੋਂ ਘੱਟ ਠੇਕੇ ਦੀਆਂ ਘੱਟ ਤਨਖਾਹਾਂ 'ਤੇ ਸਰਕਾਰ ਦਾ ਹਰ ਕੰਮ ਆਪਣੀ ਜਾਨ ਜ਼ੋਖਮ ਵਿਚ ਪਾਕੇ ਕਰ ਰਹੀਆਂ ਹਾਂ ਪ੍ਰੰਤੂ ਸਾਡੇ ਘਰ ਦਾ ਗੁਜ਼ਾਰਾ ਵੀ ਨਹੀਂ ਚੱਲ ਰਿਹਾ | ਇਸ ਮੌਕੇ ਯੂਨੀਅਨ ਦੀ ਆਗੂ ਰੀਤੂ ਕੌਰ, ਪਰਮਜੀਤ ਕੌਰ, ਪ੍ਰਦੀਪ ਕੌਰ, ਅਰਚਨਾ ਕੁਮਾਰੀ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਸ਼ਿੰਦਰਪਾਲ ਕੌਰ ਆਦਿ ਹਾਜ਼ਰ ਸਨ |