ਪਸ਼ੂਆਂ ਕਰਕੇ ਹਾਦਸਿਆਂ ਦੀ ਗਿਣਤੀ 'ਚ ਲਗਾਤਾਰ ਹੋ ਰਿਹਾ ਵਾਧਾ
ਢੱਠਿਆਂ ਨੇ ਸਕੂਟਰ ਸਵਾਰ ਦੋ ਲੜਕੀਆਂ ਨੂੰ ਟੱਕਰ ਮਾਰੀ, ਹੋਰ ਹਾਦਸੇ 'ਚ ਨੌਜਵਾਨ ਨੂੰ ਜ਼ਖ਼ਮੀ ਕੀਤਾ
ਮਲੋਟ, 31 ਅਕਤੂਬਰ (ਪਾਟਿਲ)-ਬੇਸਹਾਰਾ ਪਸ਼ੂਆਂ ਕਰਕੇ ਹਾਦਸਿਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਸਰਕਾਰ ਅਤੇ ਨਿੱਜੀ ਗਊਸ਼ਾਲਾ ਪ੍ਰਬੰਧਕਾਂ ਵਲੋਂ ਬੇਸਹਾਰਾ ਪਸ਼ੂਆਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਅਤੇ ਪਸ਼ੂਆਂ ਕਾਰਨ ਲੋਕ ਰੋਜ਼ਾਨਾ ਦੁਰਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ | ਬੀਤੇ ਦਿਨ ਦੁਪਹਿਰ ਵੇਲੇ ਮਲੋਟ ਲੋਹਾ ਬਾਜ਼ਾਰ 'ਚ ਗਲੀਆਂ 'ਚ ਇਨ੍ਹਾਂ ਢੱਠਿਆਂ ਨੇ ਸਕੂਟਰ 'ਤੇ ਸਵਾਰ ਦੋ ਲੜਕੀਆਂ ਨੂੰ ਟੱਕਰ ਮਾਰ ਦਿੱਤੀ | ਇਹ ਲੜਕੀਆਂ ਜ਼ਖ਼ਮੀਆਂ ਹੋ ਗਈਆਂ, ਜਿਨ੍ਹਾਂ ਨੂੰ ਬਾਜ਼ਾਰ ਦੇ ਲੋਕਾਂ ਨੇ ਚੁੱਕ ਕਿ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ | ਐੱਮ.ਸੀ. ਜਤਿੰਦਰ ਅਹੁਜਾ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰੈੱਸ ਦੇ ਸਾਹਮਣੇ ਸੜਕ ਉੱਪਰ ਸਕੂਟਰੀ 'ਤੇ ਜਾ ਰਹੀਆਂ ਦੋ ਲੜਕੀਆਂ ਨੂੰ ਅਚਾਨਕ ਭੱਜਦੇ ਆਉਂਦੇ ਦੋ ਬੇਸਹਾਰਾ ਪਸ਼ੂਆਂ ਨੇ ਟੱਕਰ ਮਾਰੀ | ਇਹ ਟੱਕਰ ਐਨੀ ਜ਼ੋਰਦਾਰ ਸੀ ਕਿ ਸਕੂਟਰੀ ਸਮੇਤ ਲੜਕੀਆਂ ਦੂਰ ਜਾ ਕੇ ਡਿੱਗੀਆਂ | ਮੌਕੇ 'ਤੇ ਇਕ ਲੜਕੀ ਦੇ ਸਿਰ ਵਿਚੋਂ ਖ਼ੂਨ ਵੀ ਨਿਕਲਿਆ | ਘਟਨਾ ਤੋਂ ਬਾਅਦ ਬਾਜ਼ਾਰ ਦੇ ਲੋਕਾਂ ਨੇ ਰਲ ਕਿ ਇਨ੍ਹਾਂ ਲੜਕੀਆਂ ਨੂੰ ਚੱੁਕਿਆ ਤੇ ਨੇੜੇ ਜੁਨੇਜਾ ਹਸਪਤਾਲ ਵਿਚ ਦਾਖ਼ਲ ਕਰਵਾਇਆ | ਇਕ ਲੜਕੀ ਦੇ ਸਿਰ 'ਤੇ ਸੱਟ ਲੱਗੀ ਸੀ, ਜਦਕਿ ਦੂਜੀ ਦਾ ਮੋਢਾ ਉਤਰਿਆ ਲੱਗਦਾ ਸੀ | ਜਖ਼ਮੀਆਂ ਹੋਈਆਂ ਲੜਕੀਆਂ ਦਿਵਯ (24 ਸਾਲ) ਅਤੇ ਜੋਬਨ (19 ਸਾਲ) ਫਾਟਕ ਪਾਰ ਦੇ ਪਰਿਵਾਰਾਂ ਨਾਲ ਸੰਬੰਧਿਤ ਹਨ, ਜਿਨ੍ਹਾਂ ਨੂੰ ਡਰੈਸਗਿੰਗ ਕਰਕੇ ਘਰ ਭੇਜ ਦਿੱਤਾ ਹੈ | ਇਸੇ ਤਰ੍ਹਾਂ ਵੱਖ-ਵੱਖ ਮੁਹੱਲਿਆਂ ਵਿਚ ਭਿੜਦੇ ਇਨ੍ਹਾਂ ਬੇਸਹਾਰਾ ਪਸ਼ੂਆਂ ਕਰਕੇ ਦਰਜਨਾਂ ਲੋਕ ਜ਼ਖ਼ਮੀ ਹੋ ਚੁੱਕੇ ਹਨ, ਜਿਨ੍ਹਾਂ ਵਿਚ ਕਈਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ | ਇਕ ਹੋਰ ਦੁਰਘਟਨਾ 'ਚ ਦੋ ਢੱਠਿਆਂ ਨੇ ਆਪਸ ਵਿਚ ਭਿੜਦੇ ਇਕ ਨੌਜਵਾਨ ਨੂੰ ਲਪੇਟ ਵਿਚ ਲੈ ਲਿਆ | ਜਾਣਕਾਰੀ ਅਨੁਸਾਰ ਮੰਡੀ ਹਰਜੀ ਰਾਮ ਵਿਚ ਕਿਤਾਬਾਂ ਦੀ ਦੁਕਾਨ ਕਰਦੇ ਅਤੇ ਬੁੱਕ ਸੈਲਰ ਯੂਨੀਅਨ ਦੇ ਖ਼ਜ਼ਾਨਚੀ ਰਜਿੰਦਰ ਕੁਮਾਰ ਕਾਲਾ ਬੁੱਕ ਡਿਪੂ ਪੁੱਤਰ ਨੱਥੂ ਰਾਮ ਨੂੰ ਆਪਣੀ ਲਪੇਟ ਵਿਚ ਲੈ ਲਿਆ | ਉਕਤ ਨੌਜਵਾਨ ਦਵਿੰਦਰਾ ਰੋਡ 'ਤੇ ਜਾ ਰਿਹਾ ਸੀ, ਜਿਥੇ ਢੱਠਿਆਂ ਨੇ ਉਸ ਨੂੰ ਆਪਣਾ ਸ਼ਿਕਾਰ ਬਣਾਇਆ | ਇਸ ਹਾਦਸੇ ਵਿਚ ਉਸਦੀਆਂ ਪਸਲੀਆਂ ਟੁੱਟ ਗਈਆਂ ਅਤੇ ਫ਼ੇਫ਼ੜਿਆਂ 'ਤੇ ਜ਼ਖ਼ਮ ਹੋ ਗਏ, ਜਿਸ ਕਰਕੇ ਉਸ ਦੇ ਅੰਦਰ ਖ਼ੂਨ ਜੰਮ ਗਿਆ | ਹਾਲਤ ਗੰਭੀਰ ਹੋਣ ਕਾਰਨ ਪਰਿਵਾਰ ਨੇ ਜ਼ਖ਼ਮੀ ਨੂੰ ਅਦੇਸ਼ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ | ਜ਼ਿਕਰਯੋਗ ਹੈ ਕਿ ਇਕ ਪਾਸੇ ਜਿਥੇ ਗਊਸ਼ਾਲਾਵਾਂ ਵਿਚ ਲੋਕ ਧਾਰਮਿਕ ਤੇ ਗਊ ਸੇਵਾ ਲਈ ਕਰੋੜਾਂ ਰੁਪਏ ਦਾਨ ਕਰਦੇ ਹਨ, ਉੱਥੇ ਸਰਕਾਰ ਵਲੋਂ ਕਰੋੜਾਂ ਰੁਪਏ ਕਾਓ ਸੈਸ ਦੇ ਨਾਂਅ 'ਤੇ ਇਕੱਠਾ ਕੀਤਾ ਜਾ ਰਿਹਾ ਹੈ, ਪਰ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਸੰਭਾਲਣ ਲਈ ਗਊਸ਼ਾਲਾ ਜਾਂ ਪ੍ਰਸ਼ਾਸਨ ਵਲੋਂ ਕੋਈ ਗੰਭੀਰਤਾ ਨਹੀਂ ਵਿਖਾਈ ਜਾ ਰਹੀ |
ਸਰਕਾਰ ਤੇ ਪ੍ਰਸ਼ਾਸਨ ਦੇ ਦਾਅਵਿਆਂ ਦੇ ਉਲਟ ਸ਼ਹਿਰ 'ਚ ਬੇਸਹਾਰਾ ਪਸ਼ੂਆਂ ਦੀ ਭਰਮਾਰ
ਅਜੀਤ ਡੈਸਕ
01-11-2025