ਮਲੋਟ, 18 ਦਸੰਬਰ (ਪਾਟਿਲ)-ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਲੋਟ 'ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਲੋਟ ਹਲਕਾ ਆਮ ਆਦਮੀ ਪਾਰਟੀ ਦਾ ਮਜ਼ਬੂਤ ਗੜ੍ਹ ਬਣ ਚੁੱਕਾ ਹੈ ਤੇ ਇਹ ਗੜ੍ਹ ਆਉਣ ਵਾਲੇ ਸਮੇਂ 'ਚ ਹੋਰ ਵੀ ਮਜ਼ਬੂਤ ਕੀਤਾ ਜਾਵੇਗਾ | ਡਾ. ਬਲਜੀਤ ਕੌਰ ਨੇ ਹਾਲੀਆ ਚੋਣਾਂ 'ਚ ਜਿੱਤ ਹਾਸਿਲ ਕਰਨ ਵਾਲੇ ਸਾਰੇ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਪਾਰਟੀ ਵਰਕਰਾਂ ਦੀ ਮਿਹਨਤ, ਇਕਜੁੱਟਤਾ ਤੇ ਲੋਕਾਂ ਦੇ ਭਰੋਸੇ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਉਮੀਦਵਾਰ ਥੋੜ੍ਹੀਆਂ ਵੋਟਾਂ ਨਾਲ ਹਾਰ ਗਏ, ਉਸ ਦੀ ਜ਼ਿੰਮੇਵਾਰੀ ਉਹ ਆਪਣੇ 'ਤੇ ਲੈਂਦੇ ਹਨ ਤੇ ਕਮੀਆਂ ਦੀ ਸਮੀਖਿਆ ਕਰਕੇ ਅੱਗੇ ਹੋਰ ਮਜ਼ਬੂਤੀ ਨਾਲ ਲੜਾਈ ਲੜੀ ਜਾਵੇਗੀ | ਉਨ੍ਹਾਂ ਦਾਅਵੇ ਨਾਲ ਕਿਹਾ ਕਿ ਮਲੋਟ ਹਲਕੇ ਵਿਚ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਤੇ ਨਿਆਂਪੂਰਨ ਰਹੀ | ਕਿਸੇ ਵੀ ਕਿਸਮ ਦੇ ਹੱਥਕੰਡੇ ਨਹੀਂ ਅਪਣਾਏ ਗਏ ਤੇ ਇਕ ਵੀ ਵੋਟ ਇਧਰ-ਉਧਰ ਨਹੀਂ ਹੋਈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਿਧਾਂਤਾਂ ਦੀ ਰਾਹੀਂ ਲੜਾਈ ਲੜ ਕੇ ਇਹ ਸਾਬਤ ਕੀਤਾ ਹੈ ਕਿ ਸੱਚਾਈ ਤੇ ਲੋਕਾਂ ਦੀ ਤਾਕਤ ਨਾਲ ਜਿੱਤ ਹਾਸਿਲ ਕੀਤੀ ਜਾ ਸਕਦੀ ਹੈ | ਡਾ. ਬਲਜੀਤ ਕੌਰ ਨੇ ਕਿਹਾ ਕਿ ਕੁਝ ਅਨਸਰ ਗੁੰਡਾਗਰਦੀ ਤੇ ਧਮਕੀਆਂ ਦੇ ਕੇ ਡਰਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਆਮ ਆਦਮੀ ਪਾਰਟੀ ਦੇ ਵਰਕਰ ਲੋਕਾਂ ਦੀ ਤਾਕਤ ਨਾਲ ਇਨ੍ਹਾਂ ਸਾਰੀਆਂ ਚਾਲਾਂ ਨੂੰ ਨਾਕਾਮ ਕਰ ਰਹੇ ਹਨ | ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਪਿਤਾ ਤੇ ਸਾਬਕਾ ਐੱਮ.ਪੀ. ਪ੍ਰੋਫ਼ੈਸਰ ਸਾਧੂ ਸਿੰਘ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ | ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਮਲੋਟ ਜਸ਼ਨ ਬਰਾੜ ਲੱਖੇਵਾਲੀ, ਜਗਦੇਵ ਸਿੰਘ ਬਾਂਮ, ਪੀ.ਏ. ਅਰਸ਼ਦੀਪ ਸਿੱਧੂ ਆਦਿ ਹਾਜ਼ਰ ਸਨ |